ਕੁਲਵਿੰਦਰ ਸਿੰਘ ਰਾਏ, ਖੰਨਾ : ਪੰਜਾਬ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਯੂਪੀ ਦੇ ਚਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦਾ ਇਕ ਸਾਥੀ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ। ਮੁਲਜ਼ਮਾਂ ਕੋਲੋਂ 9 ਐੱਮਐੱਮ ਦੇ ਦੋ ਪਿਸਤੌਲ, ਪੁਆਇੰਟ 32 ਬੋਰ ਦੇ ਦੋ ਪਿਸਤੌਲ, 8 ਜ਼ਿੰਦਾ ਕਾਰਤੂਸ ਤੇ 4 ਮੈਗਜ਼ੀਨ ਬਰਾਮਦ ਹੋਏ ਹਨ। ਇਹ ਦਾਅਵਾ ਐੱਸਐੱਸਪੀ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਕੀਤਾ।

ਗੈਂਗਸਟਰ ਲਾਲੀ ਸਿਧਾਣਾ ਤੋਂ ਭਾਰੀ ਮਾਤਰਾ 'ਚ ਅਸਲਾ ਬਰਾਮਦ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਸਚਿਨ ਤੋਮਰ ਵਾਸੀ ਉੱਤਸਚਿਨ ਕਲੋਨੀ ਗਾਜ਼ੀਆਬਾਦ ਯੂਪੀ, ਭਾਰਤ ਭੂਸ਼ਣ ਵਾਸੀ ਸੰਗਮ ਵਿਹਾਰ ਗਾਜ਼ੀਆਬਾਦ, ਰਾਕੇਸ਼ ਕੁਮਾਰ ਵਾਸੀ ਪਿੰਡ ਜਾਬਲੀ ਗਾਜੀਆਬਾਦ ਤੇ ਸੁੰਦਰ ਸਿੰਘ ਵਾਸੀ ਸ਼ਿਵ ਬਿਹਾਰ ਰਾਵਲ ਨਗਰ ਦਿੱਲੀ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਨੂੰ ਮੁਖਬਰੀ ਹੋਈ ਕਿ ਉਕਤ ਮੁਲਜ਼ਮ ਕਾਰ ਨੰਬਰ ਡੀਐੱਲ-10ਸੀਡੀ-1967 'ਚ ਅਸਲੇ ਸਮੇਤ ਬਾਹੋਮਾਜਰਾ ਪਿੰਡ ਦੇ ਬੇ-ਅਬਾਦ ਭੱਠੇ ਕੋਲ ਬੈਠੇ ਹਨ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਹਨ।


ਪੁਲਿਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਰਾਤ ਦਾ ਸਮਾਂ ਹੋਣ ਕਰਕੇ ਅਜੈ ਵਾਸੀ ਬੁਲੰਦ ਸ਼ਹਿਰ, ਯੂਪੀ ਮੌਕੇ ਤੋਂ ਫ਼ਰਾਰ ਹੋਣ 'ਚ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐੱਸਪੀ ਜਸਵੀਰ ਸਿੰਘ, ਥਾਣਾ ਸਦਰ ਮੁਖੀ ਬਲਜਿੰਦਰ ਸਿੰਘ ਹਾਜ਼ਰ ਸਨ।