ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਤੀ ਨਾਲ ਦੁੱਧ ਖਰੀਦਣ ਆਈ ਅੌਰਤ ਦੀ ਪੁੜਪੜੀ 'ਤੇ ਪਿਸਤੌਲ ਲਗਾ ਕੇ ਉਸ ਕੋਲੋਂ ਬਰੀਜ਼ਾ ਕਾਰ ਲੁੱਟਣ ਵਾਲੇ ਮੁਲਜ਼ਮਾਂ ਨੂੰ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਚਾਰ ਕਾਰਾਂ, ਪਿਸਤੌਲ ਕਾਰਤੂਸ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲਿਸ ਦੇ ਮੁਤਾਬਕ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਦੇ ਮੱਖੂ ਇਲਾਕੇ ਦੇ ਰਹਿਣ ਵਾਲੇ ਸੁਰਜੀਤ ਸਿੰਘ ਉਰਫ ਮੱਖਣ , ਪੂਰਨ ਸਿੰਘ ਉਰਫ ਪੰਨੂੰ ,ਫਿਰੋਜ਼ਪੁਰ ਸਿਟੀ ਦੇ ਵਾਸੀ ਸਾਹਿਬ ਸਿੰਘ ਉਰਫ ਸਾਬਾ ਤੇ ਫਤਹਿਗੜ੍ਹ ਚੂੜੀਆਂ ਰੋਡ ਆਕਾਸ਼ ਐਵੀਨਿਊ ਦੇ ਵਾਸੀ ਸੋਬਰ ਰੰਧਾਵਾ ਵਜੋਂ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੁੱਝ ਹਫ਼ਤੇ ਪਹਿਲੋਂ ਰਾਜਗੁਰੂ ਨਗਰ ਇਲਾਕੇ 'ਚੋਂ ਇਕ ਅੌਰਤ ਦੀ ਪੁੜਪੜੀ 'ਤੇ ਪਿਸਤੌਲ ਰੱਖ ਕੇ ਉਸ ਕੋਲੋਂ ਬਰੀਜ਼ਾ ਕਾਰ ਲੁੱਟ ਲਈ ਸੀ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਹੋਰ ਵੀ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ । ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਗੱਡੀਆਂ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੁਲਜ਼ਮ ਸਾਹਿਬ ਸਿੰਘ , ਪੂਰਨ ਸਿੰਘ , ਸੁਰਜੀਤ ਸਿੰਘ ਤੇ ਸੋਬਰ ਰੰਧਾਵਾ ਨੂੰ ਗਿ੍ਫ਼ਤਾਰ ਕਰਕੇ ਉਨਾਂ੍ਹ ਦੀ ਨਿਸ਼ਾਨਦੇਹੀ 'ਤੇ ਦੋ ਬਰੀਜ਼ਾ ਤੇ ਦੋ ਇੰਡੀਗੋ ਕਾਰਾਂ ਬਰਾਮਦ ਕੀਤੀਆਂ। ਪੁਲਿਸ ਇਸ ਗਿਰੋਹ ਦੇ ਪੰਜਵੇਂ ਸਾਥੀ ਫਿਰੋਜ਼ਪੁਰ ਦੇ ਵਾਸੀ ਲਖਵਿੰਦਰ ਸਿੰਘ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਐੱਨਡੀਪੀਐੱਸ ਤੇ ਚੋਰੀ ਦੇ ਮੁਕੱਦਮੇ ਦਰਜ ਹਨ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਸੋਨੇ ਦਾ ਕੜਾ, ਇਕ ਸੋਨੇ ਦੀ ਚੇਨ ਦੋ ਮੁੰਦਰੀਆਂ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ । ਪੁਲਿਸ ਨੇ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕਰਨ ਵਿਚ ਜੁਟ ਗਈ ਹੈ।