ਜੇਐੱਨਐੱਨ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਨ੍ਹਾਂ ਦਾ ਸੰਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ 'ਤੇ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਸਮੇਤ ਸੀਨੀਅਰ ਵਿਗਿਆਨੀਆਂ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ। ਪੀਏਯੂ 'ਚ ਸੋਗ ਸਭਾ ਵੀ ਕੀਤੀ ਗਈ।

1 ਸਤੰਬਰ ਸਾਲ 1930 'ਚ ਪਿੰਡ ਕਾਲੇਕੋ ਜ਼ਿਲ੍ਹਾ ਮੋਗਾ ਦੇ ਸਾਧਾਰਨ ਪਰਿਵਾਰ 'ਚ ਜਨਮੇ ਡਾ. ਖੇਮ ਸਿੰਘ ਗਿੱਲ ਦਾ ਹਰੀ ਕ੍ਰਾਂਤੀ 'ਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਕਣਕ ਦੀਆਂ ਨਵੀਆਂ ਕਿਸਮਾਂ ਦੀ ਖੋਜ ਕੀਤੀ। ਡਾ. ਖੇਮ ਸਿੰਘ ਨੇ ਖੇਤੀਬਾੜੀ ਸਬੰਧੀ ਖੋਜਾਂ ਦੇ ਖੇਤਰ 'ਚ ਵੱਖ-ਵੱਖ ਫ਼ਸਲਾਂ ਜਿਵੇਂ, ਕਣਕ, ਜੌਂ, ਬਾਜਰਾ, ਅਲਸੀ ਦੀਆਂ ਤਿੰਨ ਤੋਂ ਜ਼ਿਆਦਾ ਨਵੀਆਂ ਕਿਸਮਾਂ ਵਿਕਸਤ ਕੀਤੀਆਂ। ਇਨ੍ਹਾਂ ਵਿਚ ਸਭ ਤੋਂ ਵੱਧ ਕਣਕ ਦੀਆਂ 17 ਕਿਸਮਾਂ ਦਿੱਤੀਆਂ। ਖੇਤੀਬਾੜੀ ਖੋਜ ਦੇ ਖੇਤਰ 'ਚ ਉਨ੍ਹਾਂ ਵਲੋਂ ਦਿੱਤੇ ਗਏ ਯੋਗਦਾਨ ਲਈ ਸਾਲ 1992 'ਚ ਉਨ੍ਹਾਂ ਨੂੰ ਵੱਕਾਰੀ ਸਨਮਾਨ ਪਦਮ ਭੂਸ਼ਣ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਉਹ ਰਫ਼ੀ ਅਹਿਮਦ ਕਿਦਵਈ ਐਵਾਰਡ ਵੀ ਹਾਸਲ ਕਰ ਚੁੱਕੇ ਸਨ।

ਦੇਸ਼-ਵਿਦੇਸ਼ 'ਚ ਬਣਾਈ ਵੱਖਰੀ ਪਛਾਣ

ਡਾ. ਖੇਮ ਸਿੰਘ ਗਿੱਲ ਨੇ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ 'ਤੇ 300 ਤੋਂ ਜ਼ਿਆਦਾ ਖੋਜ ਪੱਤਰ ਤੇ ਦਰਜਨਾਂ ਕਿਤਾਬਾਂ ਦੇ ਲੇਖਕ ਤੇ ਸੰਪਾਦਕ ਵਜੋਂ ਦੇਸ਼-ਵਿਦੇਸ਼ 'ਚ ਆਪਣੀ ਵੱਖਰੀ ਪਛਾਣ ਬਣਾਈ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਡਾ. ਗਿੱਲ ਨੇ ਕਈ ਨਵੇਂ ਵਿਭਾਗ ਸਥਾਪਿਤ ਕੀਤੇ। ਉਨ੍ਹਾਂ ਯੂਨੀਵਰਸਿਟੀ ਦੇ ਗੇਟ ਨੇੜੇ ਕਿਸਾਨ ਸੇਵਾ ਕੇਂਦਰ ਬਣਾਇਆ ਤਾਂ ਜੋ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਇਕ ਛੱਤ ਹੇਠਾਂ ਮਿਲ ਸਕਣ।

Posted By: Seema Anand