ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਕਿਸਾਨੀ ਸੰਘਰਸ਼ 'ਚ ਕਾਫ਼ਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕਿਸਾਨਾਂ ਦੀ ਹਮਾਇਤ 'ਚ ਖੇਤੀ ਮਾਹਿਰ ਵੀ ਨਿੱਤਰ ਆਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਕਿਰਪਾਲ ਸਿੰਘ ਔਲਖ, ਸਾਬਕਾ ਉਪ ਕੁਲਪਤੀ ਡਾ. ਐੱਨਐੱਸ ਮੱਲ੍ਹੀ, ਡਾ. ਸੁਰਜੀਤ ਗਿੱਲ ਸਾਬਕਾ ਨਿਰਦੇਸ਼ਕ, ਡਾ ਦਰਸ਼ਨ ਸਿੰਘ, ਡਾ. ਗੁਲਜ਼ਾਰ ਸਿੰਘ ਦੋਵੇਂ ਸਾਬਕਾ ਡੀਨ, ਡਾ. ਹਰੀ ਸਿੰਘ ਬਰਾੜ, ਟੀਚਰ ਐਸੋਸੀਏਸ਼ਨ ਪੀਏਯੂ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ, ਡਾ. ਸਤਨਾਮ ਸਿੰਘ, ਡਾ. ਬਲਵਿੰਦਰ ਸਿੰਘ ਬੁਟਾਹਰੀ, ਡਾ. ਰਾਜਿੰਦਰ ਔਲਖ (ਸਾਰੇ ਸਾਬਕਾ ਪ੍ਰਧਾਨ), ਦਲੇਰ ਸਿੰਘ, ਡਾ. ਸੁਖਪਾਲ ਸੇਖੋਂ, ਡਾ. ਸੁਖਬੀਰ ਸੰਧੂ, ਸਾਬਕਾ ਖੇਤੀ ਟੈਕਨੋਕਰੇਟ ਐਕਸ਼ਨ ਕਮੇਟੀ ਦੇ ਸਾਬਕਾ ਅਹੁਦੇਦਾਰ ਡਾ. ਅਵਤਾਰ ਰੰਧਾਵਾ, ਲਖਵੀਰ ਬਰਾੜ, ਡਾ. ਲਾਜ ਬਰਾੜ, ਡਾ. ਬਲਵੀਰ ਸਿੱਧੂ ਸਾਬਕਾ ਨਿਰਦੇਸ਼ਕ ਨੇ ਕਿਸਾਨਾਂ ਦੇ ਚੱਲ ਰਹੇ ਸ਼ਾਂਤੀਪੂਰਨ ਅੰਦੋਲਨ ਦੀ ਡੱਟ ਕੇ ਹਮਾਇਤ ਕੀਤੀ। ਉਕਤ ਖੇਤੀ ਮਾਹਿਰਾਂ ਨੇ ਮੋਦੀ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਬੁਰੇ ਸਲੂਕ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾਲ ਵਿਵਾਦ ਸੁਲਝਦੇ ਨਹੀਂ, ਬਲਕਿ ਉਲਝ ਜਾਂਦੇ ਹਨ। ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਦੁਨੀਆਂ ਭਰ 'ਚ ਮੌਜੂਦ ਹਨ। ਇਨ੍ਹਾਂ ਮਾਹਿਰਾਂ ਨੇ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਕਿ ਤਕਰਾਰ ਦੀ ਨੀਤੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇ ਕਿਉਂਕਿ ਖੇਤੀ ਸੈਕਟਰ ਹੀ ਅਜਿਹਾ ਸੈਕਟਰ ਹੈ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਮੇਤ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਨੌਜਵਾਨ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ।

Posted By: Jagjit Singh