ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਦਿੱਲੀ ਦੇ ਜਨਕਪੁਰੀ ਇਲਾਕੇ ਵਿਚ ਬੈਠੇ ਸ਼ਾਤਰ ਨੌਸਰਬਾਜ਼ ਨੇ ਲੁਧਿਆਣਾ ਦੇ ਇਕ ਕਾਰੋਬਾਰੀ ਦੇ ਨਾਂ 'ਤੇ ਖਾਤਾ ਖੁੱਲ੍ਹਵਾ ਕੇ ਕਈ ਸਾਲਾਂ ਤਕ ਉਸ ਵਿਚ ਲੱਖਾਂ ਰੁਪਏ ਦੀ ਟਰਾਂਜ਼ੈਕਸ਼ਨ ਕੀਤੀ। ਇਸ ਸਾਰੇ ਮਾਮਲੇ ਦਾ ਕਾਰੋਬਾਰੀ ਸੋਨੂੰ ਤਨੇਜਾ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ ਆਇਆ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਰੜੀ ਮੁਹੱਲਾ ਦੇ ਵਾਸੀ ਕਾਰੋਬਾਰੀ ਸੋਨੂੰ ਤਨੇਜਾ ਦੇ ਬਿਆਨਾਂ ਉੱਪਰ ਅਣਪਛਾਤੇ ਨੌਸਰਬਾਜ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੋਨੂੰ ਤਨੇਜਾ ਨੇ ਦੱਸਿਆ ਕਿ ਉਨ੍ਹਾਂ ਦਾ ਮੈਰਿਜ ਡੈਕੋਰੇਸ਼ਨ ਦਾ ਕੰਮ ਹੈ। ਕੁਝ ਦਿਨ ਪਹਿਲਾਂ ਇਨਕਮ ਟੈਕਸ ਵਿਭਾਗ ਵੱਲੋਂ ਆਏ ਨੋਟਿਸ ਨੇ ਉਨ੍ਹਾਂ ਦੇ ਹੋਸ਼ ਉਡਾ ਦਿੱਤੇ। ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦੇ ਐੱਚਡੀਐੱਫਸੀ ਬੈਂਕ ਵਾਲੇ ਖਾਤੇ 'ਚੋਂ ਸਾਲ 2009 ਤੋਂ ਲੈ ਕੇ ਸਾਲ 2011 ਤਕ ਲੱਖਾਂ ਰੁਪਏ ਦੀ ਟਰਾਂਜ਼ੈਕਸ਼ਨ ਹੋਈ ਹੈ। ਤਨੇਜਾ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਨ੍ਹਾਂ ਦਾ ਐੱਡਡੀਐੱਫਸੀ ਬੈਂਕ ਵਿਚ ਕੋਈ ਖਾਤਾ ਹੀ ਨਹੀਂ ਸੀ। ਸੋਨੂੰ ਨੇ ਜਦੋਂ ਬੈਂਕ ਤੋਂ ਜਾਣਕਾਰੀ ਲਈ ਤਾਂ ਉਸ ਨੂੰ ਪਤਾ ਲੱਗਿਆ ਕਿ ਸਾਲ 2009 ਵਿਚ ਲੁਧਿਆਣਾ 'ਚ ਅਣਪਛਾਤੇ ਵਿਅਕਤੀ ਵਲੋਂ ਉਨ੍ਹਾਂ ਦੇ ਨਾਂ 'ਤੇ ਖਾਤਾ ਖੁੱਲ੍ਹਵਾਇਆ ਗਿਆ ਸੀ। ਸਾਲ 2011 ਵਿਚ ਖਾਤਾ ਬੰਦ ਕਰਵਾ ਦਿੱਤਾ ਗਿਆ ਸੀ। ਬੈਂਕ ਮੁਤਾਬਕ ਤਿੰਨ ਸਾਲਾਂ ਵਿਚ ਦਿੱਲੀ ਦੇ ਜਨਕਪੁਰੀ ਇਲਾਕੇ ਵਿਚ ਇਸ ਖਾਤੇ 'ਚੋਂ ਲੱਖਾਂ ਰੁਪਏ ਦੀ ਟ੍ਰਾਂਜ਼ੈਕਸ਼ਨ ਹੋਈ ਸੀ। ਸੋਨੂੰ ਨੇ ਦੱਸਿਆ ਕਿ ਦਿੱਲੀ ਦੇ ਨੌਸਰਬਾਜ਼ ਨੇ ਉਨ੍ਹਾਂ ਦੇ ਨਾਂ 'ਤੇ ਖਾਤਾ ਖੁੱਲ੍ਹਵਾ ਕੇ ਧੋਖਾਧੜੀ ਕੀਤੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸੋਨੂੰ ਤਨੇਜਾ ਦੇ ਬਿਆਨਾਂ ਉੱਪਰ ਅਣਪਛਾਤੇ ਨੌਸਰਬਾਜ਼ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Posted By: Seema Anand