ਮੁਨੀਸ਼ ਸ਼ਰਮਾ, ਲੁਧਿਆਣਾ : ਭਾਰਤ 'ਚ ਤੇਜ਼ੀ ਨਾਲ ਵਧ ਰਹੇ ਕੋਵਿਡ ਇਨਫੈਕਸ਼ਨ ਦਾ ਅਸਰ ਹੁਣ ਭਾਰਤੀ ਬਰਾਮਦ 'ਤੇ ਵੀ ਨਜ਼ਰ ਆਉਣ ਲੱਗਾ ਹੈ। ਕਈ ਵਿਦੇਸ਼ੀ ਕੰਪਨੀਆਂ ਵੱਲੋਂ ਭਾਰਤੀ ਕੰਪਨੀਆਂ ਨੂੰ ਰਿਪੀਟ ਆਰਡਰ ਦੇਣ ਵਿਚ ਢਿੱਲਮਠ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਕੋਵਿਡ ਦੇ ਭਾਰਤ ਵਿਚ ਰੋਜ਼ਾਨਾ ਵਧ ਰਹੇ ਅੰਕੜਿਆਂ ਦੇ ਨਾਲ-ਨਾਲ ਕੱਚੇ ਮਾਲ ਦੀਆਂ ਕੀਮਤਾਂ 'ਚ ਹੋਇਆ ਬਹੁਤ ਜ਼ਿਆਦਾ ਵਾਧਾ ਹੈ। ਆਕਸੀਜਨ ਦੀ ਘਾਟ ਕਾਰਨ ਜਿੱਥੇ ਸਟੀਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਉੱਥੇ ਹੀ ਹੁਣ ਕਈ ਅਹਿਮ ਸੈਗਮੈਂਟ ਦੀਆਂ ਫਿਨਿਸ਼ਡ ਗੁਡਜ਼ ਦੀ ਲਾਗਤ ਇਨ੍ਹਾਂ ਦੀਆਂ ਕੀਮਤਾਂ 'ਚ ਉਛਾਲ ਆਉਣ ਕਾਰਨ ਕਾਫੀ ਵਧ ਗਈ ਹੈ।

ਇਸੇ ਕਾਰਨ ਵਿਦੇਸ਼ੀ ਮਾਰਕੀਟ 'ਚ ਟਰੇਡ ਦੀ ਗੱਲ ਕਰੀਏ ਤਾਂ ਚੀਨ, ਵੀਅਤਨਾਮ, ਤਾਈਵਾਨ, ਥਾਈਲੈਂਡ ਤੇ ਬੰਗਲਾਦੇਸ਼ ਦੇ ਨਾਲ ਕਾਰੋਬਾਰ ਤੇਜ਼ ਹੋ ਰਿਹਾ ਹੈ। ਗੱਲ ਪੰਜਾਬ ਦੇ ਉਦਯੋਗਾਂ ਦੀ ਕਰੀਏ ਤਾਂ ਇਸ ਵੇਲੇ ਸਭ ਤੋਂ ਜ਼ਿਆਦਾ ਨੁਕਸਾਨ ਟ੍ਰੈਕਟਰ ਪਾਰਟਸ, ਆਟੋ ਪਾਰਟਸ, ਗਾਰਮੈਂਟਸ, ਸਾਈਕਲ ਪਾਰਟਸ, ਇੰਜੀਨੀਅਰਿੰਗ ਗੁਡਜ਼ ਨੂੰ ਸਹਿਣਾ ਪੈ ਰਿਹਾ ਹੈ। ਇਨ੍ਹਾਂ ਵਿਚ ਜ਼ਿਆਦਾ ਪ੍ਰੋਡਕਟਸ ਸਿੱਧੇ ਸਟੀਲ ਨਾਲ ਸੰਬੰਧਤ ਹਨ। ਸਟੀਲ ਦੀਆਂ ਕੀਮਤਾਂ 'ਚ ਇਜਾਫ਼ੇ ਦੇ ਨਾਲ-ਨਾਲ ਬਾਜ਼ਾਰ 'ਚ ਇਸ ਦੀ ਉਪਲਬਧਤਾ ਵੀ ਘਟੀ ਹੈ। ਅਜਿਹੇ ਵਿਚ ਕਈ ਦੇਸ਼ਾਂ ਵਿਚ ਆਰਡਰ ਦੇਰ ਨਾਲ ਆਉਣ ਕਾਰਨ ਉਹ ਅਗਲੇ ਆਰਡਰ ਲਈ ਬਦਲ ਵੀ ਤਲਾਸ਼ ਰਹੇ ਹਨ ਕਿ ਜੇਕਰ ਭਾਰਤ ਤੋਂ ਤਿਆਰ ਮਟੀਰੀਅਲ ਨਾ ਮਿਲਿਆ ਤਾਂ ਕਿਤੇ ਉਨ੍ਹਾਂ ਦਾ ਕੰਮ ਨਾ ਰੁਕ ਜਾਵੇ।

ਪੈਰਾਮਾਉਂਟ ਇੰਪੈਕਸ ਦੇ ਸੀਐੱਮਡੀ ਰਾਕੇਸ਼ ਕਪੂਰ ਮੁਤਾਬਿਕ ਇਹ ਸਮਾਂ ਐਕਸਪੋਰਟਰਾਂ ਲਈ ਚੁਣੌਤੀ ਭਰਿਆ ਦੌਰ ਹੈ। ਇੰਡਸਟਰੀ ਇਸ ਵੇਲੇ ਮਲਟੀਪਲ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਸ ਵੇਲੇ ਸਾਡੇ ਕੋਲ ਆਰਡਰ ਕਾਫੀ ਘੱਟ ਹਨ ਤੇ ਉੱਪਰੋਂ ਕੱਚਾ ਮਾਲ ਨਾ ਮਿਲਣਾ ਤੇ ਮਹਿੰਗਾ ਹੋਣ ਦੀ ਸਮੱਸਿਆ ਤੋਂ ਬਾਅਦ ਡਲਿਵਰੀ ਲੇਟ ਹੋਣ ਕਾਰਨ ਵਿਦੇਸ਼ੀ ਖਰੀਦਦਾਰ ਪਰੇਸ਼ਾਨ ਹੋ ਰਹੇ ਹਨ। ਸੀਆਈਆਈ ਲੁਧਿਆਣਾ ਦੇ ਚੇਅਰਮੈਨ ਅਸ਼ਪ੍ਰੀਤ ਸਾਹਨੀ ਮੁਤਾਬਿਕ ਵਿਦੇਸ਼ੀ ਖਰੀਦਦਾਰਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਕੋਵਿਡ ਇਸ ਤਰ੍ਹਾਂ ਭਾਰਤ ਵਿਚ ਵਧਿਆ ਤਾਂ ਉਨ੍ਹਾਂ ਦੇ ਆਰਡਰ ਲੇਟ ਹੋ ਜਾਣਗੇ। ਅਜਿਹੇ ਵਿਚ ਉਹ ਇਸ ਸਬੰਧੀ ਬਦਲ ਦੇ ਰੂਪ 'ਚ ਦੂਸਰੇ ਦੇਸ਼ਾਂ ਦੀਆਂ ਕੰਪਨੀਆਂ ਨੂੰ ਵੀ ਕੁਝ ਆਰਡਰ ਪਾਸਆਨ ਕਰ ਰਹੇ ਹਨ, ਪਰ ਜੇਕਰ ਸਥਿਤੀ ਇਹੀ ਰਹੀ ਤਾਂ ਕਈ ਵਧੀਆ ਕੰਪਨੀਆਂ ਦੇ ਆਰਡਰ ਭਾਰਤ 'ਚੋਂ ਸ਼ਿਫਟ ਹੋ ਜਾਣਗੇ।

ਰਜਨੀਸ਼ ਇੰਡਸਟਰੀਜ਼ ਦੇ ਡਾਇਰੈਕਟਰ ਰਾਹੁਲ ਆਹੁਜਾ ਮੁਤਾਬਿਕ ਇਸ ਵੇਲੇ ਵਿਦੇਸ਼ੀ ਬਾਇਰ ਦੇ ਸੈਂਟੀਮੈਂਟਸ ਵਿਗੜ ਰਹੇ ਹਨ। ਇਸ ਦੀ ਮੁੱਖ ਵਜ੍ਹਾ ਕੋਵਿਡ ਕੇਸਾਂ ਦਾ ਤੇਜ਼ੀ ਨਾਲ ਵਧਣਾ ਹੈ। ਹਰੇਕ ਕੰਪਨੀ ਨੂੰ ਸਮੇਂ ਸਿਰ ਤਿਆਰ ਮਾਲ ਚਾਹੀਦੈ। ਅਗਲੇ ਆਰਡਰਾਂ ਲਈ ਉਹ ਸੋਚ ਰਹੇ ਹਨ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਸਮੇਂ ਸਿਰ ਮਟੀਰੀਅਲ ਨਹੀਂ ਮਿਲੇਗਾ।

Posted By: Seema Anand