ਜੇਐੱਨਐੱਨ, ਲੁਧਿਆਣਾ : ਪੰਜਾਬ 'ਚ ਹੜ੍ਹ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਤਲੁਜ ਦੇ ਨੇੜੇ ਹੜ੍ਹ ਪੀੜਤ ਪਿੰਡ 'ਚ ਦੌਰਾ ਕੀਤਾ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਉਨ੍ਹਾਂ ਪਿੰਡਾਂ 'ਚ ਗਈ, ਜਿੱਥੇ ਹੜ੍ਹ ਦੇ ਪਾਣੀ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਹੜ੍ਹ ਪੀੜਤਾਂ ਨਾਲ ਕਰੀਬ ਅੱਧੇ ਘੰਟੇ ਤਕ ਹਰਸਿਮਰਤ ਕੌਰ ਬਾਦਲ ਨੇ ਗੱਲਬਾਤ ਕੀਤੀ। ਇਸ ਦੌਰਾਨ ਲੋਕਾਂ ਦੇ ਬੇਘਰ ਤੇ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਦੇਖ ਕੇ ਇਕ ਵਾਰ ਹਰਸਿਮਰਤ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਕਾਫੀ ਦੇਰ ਤਕ ਹੌਂਸਲਾ ਦਿੰਦਿਆਂ ਭਰੋਸਾ ਦਿੱਤਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹੂਲਤਾਂ ਨਹੀਂ ਮਿਲ ਰਹੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ। ਪਾਰਟੀ ਵੱਲੋਂ ਹਰ ਇਕ ਮੈਂਬਰ ਉਨ੍ਹਾਂ ਦੀ ਮਦਦ ਲਈ ਅੱਗੇ ਆਵੇਗਾ, ਤਾਂ ਕਿ ਇਸ ਦੁੱਖ ਦੀ ਘੜੀ 'ਚੋਂ ਉਨ੍ਹਾਂ ਨੂੰ ਬਾਹਰ ਕੱਿਢਆ ਜਾ ਸਕੇ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਪੀੜਤ ਪਰਿਵਾਰ ਦੇ ਬੱਚਿਆਂ ਨੂੰ ਵੀ ਗੋਦ 'ਚ ਚੁੱਕਿਆ ਤੇ ਉਨ੍ਹਾਂ ਦੇ ਸਿਰ 'ਤੇ ਹੱਥ ਰੱਖ ਕੇ ਬੋਲੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਲਈ ਉਹ ਕੇਂਦਰ ਸਰਕਾਰ ਨਾਲ ਵੀ ਗੱਲ ਕਰਨਗੇ। ਤਾਂਕਿ ਉਨ੍ਹਾਂ ਨੂੰ ਹਰ ਇਕ ਸਹੂਲਤ ਦੇ ਨਾਲ-ਨਾਲ ਹੜ੍ਹ 'ਚ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਮਿਲ ਸਕੇ। ਇਸ ਮੌਕੇ ਸਾਬਕਾ ਵਿਧਾਇਕ ਮਨਪ੍ਰਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ, ਜ਼ਿਲ੍ਹਾ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਜ਼ਿਲ੍ਹਾ ਯੂਥ ਦਿਹਾਤੀ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਆਦਿ ਮੌਜੂਦ ਸਨ।