ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਪੱਕੇ ਤੌਰ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਮਨਇੰਦਰਜੀਤ ਸਿੰਘ ਅਤੇ ਉਸਦੀ ਪਤਨੀ ਨਾਲ 9 ਲੱਖ 21 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ 'ਚ ਤਫਤੀਸ਼ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਿਸ ਨੇ ਵਰਲਡ ਇਮੀਗੇ੍ਸ਼ਨ ਸਕਾਈ ਸਰਵਿਸ ਚੰਡੀਗੜ੍ਹ ਦੇ ਡਾਇਰੈਕਟਰ ਸਚਿਨ ਸ਼ਰਮਾ ਤੇ ਗੀਤਾਂਜਲੀ ਸ਼ਰਮਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। 10 ਅਪੇ੍ਲ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਮਨਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ ਦੀ ਸ਼ੁਰੂਆਤ ਵਿਚ ਕੈਨੇਡਾ ਜਾਣ ਦੀ ਤਿਆਰੀ ਕੀਤੀ। ਇਸੇ ਦੌਰਾਨ ਕਿਸੇ ਵਿਅਕਤੀ ਨੇ ਚੰਡੀਗੜ੍ਹ ਸਥਿਤ ਵਰਲਡ ਇਮੀਗੇ੍ਸ਼ਨ ਸਕਾਈ ਸਰਵਿਸ ਦੀ ਦੱਸ ਪਾਈ। ਮਨਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਸਚਿਨ ਸ਼ਰਮਾ ਅਤੇ ਗੀਤਾਂਜਲੀ ਸ਼ਰਮਾ ਨਾਲ ਸੰਪਰਕ ਕੀਤਾ। ਦੋਵਾਂ ਨੇ ਜੋੜੇ ਨੂੰ ਬੜੀ ਆਸਾਨੀ ਨਾਲ ਕੈਨੇਡਾ ਦੀ ਪੀਆਰ ਦਵਾ ਕੇ ਕੈਨੇਡਾ ਭੇਜਣ ਦੇ ਸਬਜ਼ਬਾਗ ਦਿਖਾਏ ਅਤੇ ਉਨ੍ਹਾਂ ਕੋਲੋਂ 9 ਲੱਖ 21 ਹਜ਼ਾਰ ਰੁਪਏ ਦੀ ਰਕਮ ਲੈ ਲਈ। ਪੈਸੇ ਹਾਸਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਉਨਾਂ੍ਹ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ। ਕਈ ਮਹੀਨਿਆਂ ਦੀ ਚੱਲੀ ਪੜਤਾਲ ਤੋਂ ਬਾਅਦ ਪੁਲਿਸ ਨੇ ਸਚਿਨ ਸ਼ਰਮਾ ਤੇ ਗੀਤਾਂਜਲੀ ਸ਼ਰਮਾ ਦੇ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਵੇਗੀ।