ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਡਾਬਾ ਦੇ ਸਰਕਾਰੀ ਫਲੈਟਾਂ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੇ ਪੰਜ ਵਾਹਨਾਂ ਨੂੰ ਅੱਗ ਲਾ ਦਿੱਤੀ। ਬੁਰੀ ਤਰ੍ਹਾਂ ਸੜੇ ਵਾਹਨਾਂ 'ਚ ਚਾਰ ਮੋਟਰਸਾਈਕਲ ਤੇ ਇਕ ਸਕੂਟਰ ਹੈ। ਜਾਣਕਾਰੀ ਮਿਲਦੇ ਹੀ ਇਲਾਕਾ ਵਾਸੀ ਤੇ ਥਾਣਾ ਡਾਬਾ ਦੀ ਪੁਲਿਸ ਮੌਕੇ 'ਤੇ ਪੁੱਜੀ, ਪਰ ਉਦੋਂ ਤਕ ਵਾਹਨ ਪੂਰੀ ਤਰ੍ਹਾਂ ਸੜ ਚੁੱਕੇ ਸਨ। ਇਹ ਘਟਨਾ ਬੀਤੀ ਰਾਤ 12 ਵਜੇ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਡਾਬਾ ਇਲਾਕੇ ਦੇ ਰਹਿਣ ਵਾਲੇ ਸ਼ਿਵਮ ਨੇ ਦੱਸਿਆ ਕਿ ਸਰਕਾਰੀ ਫਲੈਟਾਂ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਸਮੇਤ ਤਿੰਨ ਹੋਰ ਮੋਟਰਸਾਈਕਲ ਤੇ ਇਕ ਸਕੂਟਰ ਖੜ੍ਹਾ ਸੀ। ਇਲਾਕੇ 'ਚ ਦਾਖ਼ਲ ਹੋਏ ਕੁਝ ਸ਼ਰਾਰਤੀ ਅਨਸਰਾਂ ਨੇ ਦੇਰ ਰਾਤ 12 ਵਜੇ ਦੇ ਕਰੀਬ ਪੰਜ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ। ਠੰਢ ਜ਼ਿਆਦਾ ਹੋਣ ਕਰ ਕੇ ਗਲੀ 'ਚ ਕੋਈ ਵੀ ਨਹੀਂ ਸੀ। ਗਲੀ 'ਚ ਨਿਕਲੇ ਇਕ ਵਿਅਕਤੀ ਨੇ ਜਦੋਂ ਮੋਟਰਸਾਈਕਲ ਸੜਦੇ ਦੇਖੇ ਤਾਂ ਉਨ੍ਹਾਂ ਨੇ ਮੁਹੱਲਾ ਵਾਸੀਆਂ ਨੂੰ ਸੂਚਨਾ ਦਿੱਤੀ। ਇਕੱਠੇ ਹੋਏ ਲੋਕਾਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ, ਪਰ ਉਦੋਂ ਤਕ ਮੋਟਰਸਾਈਕਲ ਤੇ ਸਕੂਟਰ ਸੜ ਚੁੱਕੇ ਸਨ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮਿਲਦੇ ਹੀ ਥਾਣਾ ਡਾਬਾ ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਪੁਲਿਸ ਨੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸ਼ਾਮ ਤਕ ਮੁਲਜ਼ਮ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ਸਨ। ਥਾਣਾ ਡਾਬਾ ਦੀ ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।