ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਛੱਪੜ ਵਿੱਚ ਡੁੱਬਣ ਕਾਰਨ ਪੰਜ ਬੱਚਿਆਂ ਸਮੇਤ 6 ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਸਾਹਨੇਵਾਲ ਤਹਿਤ ਆਉਂਦੇ ਪਿੰਡ ਮਾਨਗੜ੍ਹ ਇਲਾਕੇ 'ਚ ਉਸ ਵੇਲੇ ਵਾਪਰਿਆ ਜਦੋਂ ਬੱਚੇ ਛੱਪੜ ਦੇ ਕੰਢੇ ਖੇਡ ਰਹੇ ਸਨ। ਮਰਨ ਵਾਲੇ ਬੱਚਿਆਂ ਵਿੱਚ ਚਾਰ ਸਕੇ ਭੈਣ ਭਰਾ ਹਨ। ਇਸ ਹਾਦਸੇ ਦੌਰਾਨ ਮਾਰੇ ਗਏ ਬੱਚਿਆਂ ਦੀ ਪਛਾਣ ਮੋਨੂੰ (6), ਲਕਸ਼ਮੀ (11), ਆਰਤੀ (3), ਪ੍ਰਿਆ (8) ਤੇ ਕਲੀਮ ( 10) ਦੇ ਰੂਪ ਵਿਚ ਹੋਈ ਹੈ। ਕਲੀਮ ਨੂੰ ਛੱਡ ਕੇ ਬਾਕੀ ਚਾਰੇ ਬੱਚੇ ਸਕੇ ਭੈਣ ਭਰਾ ਹਨ। ਬੱਚਿਆਂ ਨੂੰ ਛੱਪੜ 'ਚੋਂ ਬਚਾਉਣ ਗਏ 22 ਸਾਲਾ ਨੌਜਵਾਨ ਰਾਹੁਲ ਦੀ ਵੀ ਲਾਸ਼ ਬਰਾਮਦ ਕਰ ਲਈ ਗਈ ਹੈ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਇਲਾਕੇ ਦੇ ਹੀ ਰਹਿਣ ਵਾਲੇ ਪੰਜੇ ਬੱਚੇ ਛੱਪੜ ਦੇ ਕੋਲ ਪੈਂਦੇ ਪਿੱਪਲ ਲਾਗੇ ਖੇਡ ਰਹੇ ਸਨ।ਇਨ੍ਹਾਂ ਵਿਚੋਂ ਇਕ ਬੱਚਾ ਖੇਡਦਾ ਹੋਇਆ ਛੱਪੜ ਦੇ ਅੰਦਰ ਚਲਾ ਗਿਆ। ਉਸ ਨੂੰ ਬਚਾਉਣ ਦੇ ਚੱਕਰ ਵਿਚ ਬਾਕੀ ਚਾਰ ਬੱਚੇ ਵੀ ਉਸ ਦੇ ਮਗਰ ਚਲੇ ਗਏ। ਦੇਖਦੇ ਹੀ ਦੇਖਦੇ ਪੰਜੇ ਡੁੱਬ ਗਏ। ਲਾਗਿਓਂ ਲੰਘ ਰਿਹਾ ਨੌਜਵਾਨ ਸੁਨੀਲ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ ਛੱਪੜ 'ਚ ਵੜ ਗਿਆ। ਇਸ ਦਰਦਨਾਕ ਹਾਦਸੇ ਦੌਰਾਨ ਰਾਹੁਲ ਤੇ ਬੱਚੇ ਪੂਰੀ ਤਰ੍ਹਾਂ ਛੱਪੜ ਵਿਚ ਡੁੱਬ ਗਏ। ਜਾਣਕਾਰੀ ਤੋਂ ਬਾਅਦ ਥਾਣਾ ਕੂੰਮਕਲਾਂ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਪੰਜਾਂ ਬੱਚਿਆਂ ਦੀਆ ਲਾਸ਼ਾਂ ਛੱਪੜ 'ਚੋਂ ਬਾਹਰ ਕੱਢੀਆਂ। ਗੋਤਾਖੋਰਾਂ ਨੇ ਨੌਜਵਾਨ ਰਾਹੁਲ ਦੀ ਲਾਸ਼ ਵੀ ਛੱਪੜ 'ਚੋਂ ਬਾਹਰ ਕੱਢ ਲਈ ਹੈ।

Posted By: Seema Anand