ਮਨੀਸ਼ ਸਚਦੇਵਾ/ਬਲਜੀਤ ਸਿੰਘ ਬਘੌਰ, ਸਮਰਾਲਾ

ਸਥਾਨਕ ਤਹਿਸੀਲ 'ਚ ਪੈਂਦੇ ਪਿੰਡ ਦੀਵਾਲਾ 'ਚ ਇਕ 45 ਸਾਲਾ ਨੌਜਵਾਨ ਕੁਲਦੀਪ ਸਿੰਘ ਦੀ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਕਾਰਨ ਮੌਤ ਹੋ ਗਈ, ਜਿਸ ਦੀ ਪੁਸ਼ਟੀ ਸਿਹਤ ਕੇਂਦਰ ਮਾਨੂੰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੀਤ ਸਿੰਘ ਨੇ ਕੀਤੀ ਹੈ। ਕੁਲਦੀਪ ਸਿੰਘ ਨੂੰ ਪਹਿਲਾਂ ਵੀ ਖਾਂਸੀ ਹੰੁਦੀ ਰਹਿੰਦੀ ਸੀ, ਜਿਸ ਦਾ ਇਲਾਜ ਚੱਲ ਰਿਹਾ ਸੀ। ਉਹ ਆਪਣੀ ਦਵਾਈ ਲੈਣ ਲਈ ਹਸਪਤਾਲ ਗਿਆ, ਜਿੱਥੇ ਉਸਦਾ ਕੋਰੋਨਾ ਟੈਸਟ ਕੀਤਾ ਗਿਆ। ਦੋ ਦਿਨ ਪਹਿਲਾਂ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਬੀਤੇ ਦਿਨੀਂ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕੱਲ੍ਹ ਸ਼ਾਮ ਨੂੰ ਉਸਦੀ ਮੌਤ ਹੋ ਗਈ। ਅੱਜ ਉਸਦਾ ਅੰਤਿਮ ਸੰਸਕਾਰ ਪਿੰਡ ਦੀਵਾਲਾ ਦੇ ਸ਼ਮਸ਼ਾਨਘਾਟ 'ਚ ਕਰਨ ਲਈ ਪ੍ਰਸ਼ਾਸਨ ਵੱਲੋਂ ਬੀਡੀਪੀਓ ਪਰਮਵੀਰ ਕੌਰ ਬਰਾੜ, ਪੰਚਾਇਤ ਸੈਕਟਰੀ ਗੁਰਜੀਤ ਸਿੰਘ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਨਿਰਭੈ ਸਿੰਘ ਪੁੱਜੇ ਹੋਏ ਸਨ।

ਸੈਕਟਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਲੁਧਿਆਣਾ 'ਚ ਕੋਈ ਐਬੂਲੈਂਸ ਨਾ ਮਿਲਣ ਕਾਰਨ ਉਸਦੀ ਮਿ੍ਤਕ ਦੇਹ ਨੂੰ ਲਿਆਉਣ ਲਈ ਐੱਸਡੀਐੱਮ ਸਮਰਾਲਾ ਗੀਤਿਕਾ ਸਿੰਘ ਵੱਲੋਂ ਸਿਵਲ ਹਸਪਤਾਲ ਸਮਰਾਲਾ ਦੀ ਐਬੂਲੈਂਸ ਭੇਜੀ ਗਈ ਹੈ, ਮਿ੍ਤਕ ਦੀ ਲਾਸ਼ ਆਉਣ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਨੇ ਦੱਸਿਆ ਕਿ ਮਿ੍ਤਕ ਕੁਲਦੀਪ ਸਿੰਘ ਆਪਣੇ ਪਿੰਡ 'ਚ ਇਨਵਰਟਰ ਆਦਿ ਰਿਪੇਅਰ ਕਰਨ ਦਾ ਕੰਮ ਕਰਦਾ ਸੀ, ਜਿਸ ਦੇ ਪਰਿਵਾਰ 'ਚ ਦੋ ਛੋਟੇ-ਛੋਟੇ ਬੱਚੇ ਹਨ। ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋਣ ਕਾਰਨ ਪਿੰਡ 'ਚ ਸਹਿਮ ਦਾ ਮਾਹੌਲ ਹੈ। ਡਾ. ਅਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਦੇ ਸਸਕਾਰ ਦੀ ਰਸਮ ਤੋਂ ਬਾਅਦ ਉਸਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਘਰਾਂ 'ਚ ਹੀ ਇਕਾਂਤਵਾਸ ਕਰ ਕੇ ਟੈਸਟ ਲਏ ਜਾਣਗੇ।