ਸੁਸ਼ੀਲ ਸ਼ਸ਼ੀ/ਜੇਐੱਨਐੱਨ, ਲੁਧਿਆਣਾ

ਸ਼ਹਿਰ ਦੇ ਦਰੇਸੀ ਵਿਚ ਐਤਵਾਰ ਦੁਪਹਿਰ 3 ਵਜੇ ਦੇ ਕਰੀਬ ਥਾਣਾ ਡਵੀਜ਼ਨ ਨੰ. 4 ਦੇ ਇਲਾਕੇ ਦਰੇਸੀ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਵਿਅਕਤੀ ਨੇ ਸਾਥੀਆਂ ਨਾਲ ਮਿਲ ਕੇ ਸ਼ਰਾਬ ਦੇ ਅਹਾਤੇ ਦੇ ਮਾਲਕ ਤੇ ਉਸ ਦੇ ਪੁੱਤਰ ਉੱਪਰ ਗੋਲੀਆਂ ਚਲਾ ਦਿੱਤੀਆਂ। ਅਹਾਤੇ ਦੇ ਬਿਲਕੁਲ ਬਾਹਰ ਵਾਪਰੀ ਇਸ ਘਟਨਾ ਦੌਰਾਨ ਗੋਲੀ ਲੱਗਣ ਕਾਰਨ ਅਹਾਤੇ ਦੇ ਮਾਲਕ ਦਾ ਪੁੱਤਰ ਜ਼ਖ਼ਮੀ ਹੋ ਗਿਆ, ਉਹਨੂੰ ਸੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੀਐੱਮਸੀ ਦੇ ਡਾਕਟਰਾਂ ਮੁਤਾਬਕ ਜ਼ਖਮੀ ਮੋਹਿਤ ਠਾਕੁਰ (26) ਖ਼ਤਰੇ ਚੋਂ ਬਾਹਰ ਹੈ। ਸੂਚਨਾ ਮਿਲਦੇ ਸਾਰ ਹੀ ਥਾਣਾ ਦਰੇਸੀ ਅਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਤਫਤੀਸ਼ ਕੀਤੀ।

ਅਹਾਤਾ ਮਾਲਕ ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਉਸ ਦਾ ਦਰੇਸੀ ਵਿਖੇ ਅਹਾਤਾ ਤੇ ਠੇਕਾ ਹੈ ਅਤੇ ਪੁੱਤਰ ਮੋਹਿਤ ਕੁਮਾਰ ਗੋਰੂ ਨਾਲ ਕੰਮ ਕਰਦਾ ਹੈ। ਪੰਮਾ ਮੁਤਾਬਕ ਉਨ੍ਹਾਂ ਦਾ ਸ਼ਿਵਾ ਭੱਟੀ ਨਾਲ ਪੁਰਾਣਾ ਝਗੜਾ ਚੱਲਿਆ ਆ ਰਿਹਾ ਹੈ। ਦੁਪਹਿਰ ਤਿੰਨ ਵਜੇ ਦੇ ਕਰੀਬ ਉਹ ਤੇ ਪੁੱਤਰ ਮੋਹਿਤ ਅਹਾਤੇ ਦੇ ਬਾਹਰ ਖੜ੍ਹੇ ਹੋਏ ਸਨ। ਪੰਮਾ ਮੁਤਾਬਕ ਇਸੇ ਦੌਰਾਨ ਪੁਰਾਣੀ ਰੰਜਿਸ਼ ਕਾਰਨ ਸ਼ਿਵਾ ਭੱਟੀ ਕੁਝ ਸਾਥੀਆਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ। ਮੁਲਜ਼ਮਾਂ ਨੇ ਆਉਂਦੇ ਸਾਰ ਮੋਹਿਤ ਉੱਪਰ ਪਿਸਤੌਲ ਨਾਲ ਚਾਰ ਫਾਇਰ ਕੀਤੇ, ਇਕ ਗੋਲੀ ਮੋਹਿਤ ਦੇ ਪੱਟ ਉਪਰ ਲੱਗੀ ਹੈ। ਇਸ ਹਮਲੇ ਤੋਂ ਬਾਅਦ ਭੱਟੀ ਤੇ ਸਾਥੀ ਦੋਵਾਂ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਮੋਹਿਤ ਨੂੰ ਸੀਐੱਮਸੀ ਹਸਪਤਾਲ ਪਹੁੰਚਾਇਆ। ਇਤਲਾਹ ਮਿਲਣ 'ਤੇ ਏਸੀਪੀ ਵਰਿਆਮ ਸਿੰਘ, ਥਾਣਾ ਡਵੀਜ਼ਨ ਨੰ. 4 ਦੇ ਇੰਚਾਰਜ ਸਤਵੰਤ ਸਿੰਘ ਤੇ ਹੋਰ ਅਫਸਰ ਮੌਕੇ 'ਤੇ ਪੁੱਜੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇੰਸਪੈਕਟਰ ਸਤਵੰਤ ਸਿੰਘ ਮੁਤਾਬਕ ਮੌਕੇ ਤੋਂ 32 ਬੋਰ ਦੇ ਪਿਸਤੌਲ ਦੇ ਖੋਲ ਬਰਾਮਦ ਹੋਏ ਹਨ। ਪੀੜਤ ਦੇ ਬਿਆਨ ਦਰਜ ਕਰਨ ਲਈ ਜਾਂਚ ਅਧਿਕਾਰੀ ਸੀਐੱਮਸੀ ਵਿਚ ਮੌਜੂਦ ਹਨ।

ਇਸ ਮਾਮਲੇ ਵਿਚ ਪੁਲਿਸ ਨੇ ਭੱਟੀ ਤੇ ਉਸ ਦੇ ਸਾਥੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਭਾਲ ਜਾਰੀ ਹੈ।

ਪਹਿਲਾਂ ਕੀਤੀ ਸੀ ਰੇਕੀ

ਸੀਸੀਟੀਵੀ ਕੈਮਰਿਆਂ ਵਿਚ ਆਈ ਫੁਟੇਜ ਮੁਤਾਬਕ ਸ਼ਿਵਾ ਭੱਟੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ ਸੀ। ਉਸ ਨੇ ਪਹਿਲਾਂ ਅਹਾਤੇ ਦੇ ਸਾਹਮਣੇ ਚੱਕਰ ਲਾਏ ਤੇ ਵੇਖਿਆ ਸੀ ਕਿ ਅੰਦਰ ਕੌਣ ਕੌਣ ਹੈ। ਫੇਰ ਕੁਝ ਦੂਰੀ 'ਤੇ ਜਾ ਕੇ ਮੋਟਰਸਾਈਕਲ ਵਾਪਸ ਘੁਮਾਇਆ ਤੇ ਅਹਾਤੇ ਵਿਚ ਆ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।

26 ਅਪ੍ਰਰੈਲ ਨੂੰ ਸ਼ਿਵੇ 'ਤੇ ਹੋਇਆ ਸੀ ਹਮਲਾ

ਦੱਸਣਯੋਗ ਹੈ ਕਿ ਇਸੇ 26 ਅਪ੍ਰਰੈਲ ਨੂੰ ਸ਼ਿਵਾ ਭੱਟੀ 'ਤੇ ਫ਼ਤਹਿਗੜ੍ਹ ਮੁਹੱਲੇ ਵਿਚ ਹਮਲਾ ਕੀਤਾ ਗਿਆ ਸੀ। ਡੀਐੱਮਸੀ ਵਿਚ ਭੱਟੀ ਦੇ ਪੇਟ ਦਾ ਆਪ੍ਰਰੇਸ਼ਨ ਹੋਇਆ ਸੀ। ਹਮਲਾਵਰਾਂ ਵਿਚ ਮੋਹਿਤ ਦਾ ਭਰਾ ਰੋਹਿਤ ਸ਼ਾਮਲ ਸੀ। ਉਹ ਇਸੇ ਜੇਲ੍ਹ ਵਿਚ ਬੰਦ ਸੀ। ਉਸ ਦੌਰਾਨ ਸ਼ਿਵਾ ਭੱਟੀ ਨੇ ਸਮਝੌਤਾ ਕਰ ਲਿਆ ਸੀ ਤੇ ਡੇਢ ਮਹੀਨੇ ਪਹਿਲਾਂ ਰੋਹਿਤ ਜ਼ਮਾਨਤ 'ਤੇ ਬਾਹਰ ਆਇਆ ਸੀ।

ਪੁਲਿਸ 'ਤੇ ਉੱਠ ਰਹੇ ਨੇ ਸਵਾਲ

ਥਾਣੇ ਤੋਂ ਮਹਿਜ਼ 100 ਮੀਟਰ ਦੂਰ ਦਰੇਸੀ ਸਥਿਤ ਅਹਾਤਾ ਮਾਲਕ ਦੇ ਪੁੱਤਰ 'ਤੇ ਗੋਲੀਆਂ ਚਲਾਉਣ ਕਾਰਨ ਅਮਨ-ਕਾਨੂੰਨ ਦਾ ਮੁੱਦਾ ਸਾਰਿਆਂ ਦੀ ਜ਼ੁਬਾਨ 'ਤੇ ਆ ਗਿਆ ਹੈ। ਗੰਭੀਰ ਵਿਸ਼ਾ ਇਹ ਹੈ ਕਿ ਬੜੀ ਆਸਾਨੀ ਨਾਲ ਨਾਜਾਇਜ਼ ਹਥਿਆਰ ਕਿਵੇਂ ਉਸ ਦੀ ਪਹੁੰਚ ਵਿਚ ਆ ਗਏ। ਇਸ ਤੋਂ ਪਹਿਲਾਂ ਪੀਏਯੂ ਦੇ ਪ੍ਰਰੋਫੈਸਰ ਨੂੰ ਅਗ਼ਵਾ ਕਰ ਕੇ ਉਸ 'ਤੇ ਫਾਇਰਿੰਗ ਕਰਨ, ਸੁੰਦਰ ਨਗਰ ਵਿਚ ਹੌਜ਼ਰੀ ਵਪਾਰੀ ਦੇ ਘਰ ਵਿਚ ਹੋਈ ਫਾਇਰਿੰਗ ਦੇ ਮਾਮਲੇ ਵਿਚ ਪੁਲਿਸ ਮੁਲਜ਼ਮਾਂ ਨੂੰ ਫੜ ਨਹੀਂ ਸਕੀ ਹੈ।