ਸਾਹਨੇਵਾਲ 'ਚ ਆਸਮਾਨੋਂ ਵਰ੍ਹਦੀ ਅੱਗ ਕਾਰਨ ਲੋਕਾਂ ਦਾ ਜੀਵਨ ਹੋਇਆ ਦੁੱਭਰ

-ਗਰਮੀ ਵਧਣ ਨਾਲ ਬਾਜ਼ਾਰਾਂ ਅਤੇ ਸੜਕਾਂ ਵਿੱਚ ਲੋਕਾਂ ਦੀ ਰੌਣਕ ਗਾਇਬ
---
ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ
ਜੇਠ ਦਾ ਮਹੀਨਾ ਸ਼ੁਰੂ ਹੋਣ 'ਤੇ ਹੀ ਤੇਜ਼ ਗਰਮੀ ਅਤੇ ਤੇਜ਼ ਧੁੱਪ ਨੇ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਗਰਮੀ ਦੀ ਲਹਿਰ ਲੋਕਾਂ ਨੂੰ ਦੁਪਹਿਰ ਵੇਲੇ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਕਰ ਰਹੀ ਹੈ। ਇਸ ਤੇਜ਼ ਗਰਮੀ ਨੇ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਲੋਕ ਸਿਰਫ਼ ਸਵੇਰ ਅਤੇ ਸ਼ਾਮ ਨੂੰ ਹੀ ਬਾਹਰ ਨਿਕਲ ਰਹੇ ਹਨ। ਗਰਮੀ ਕਾਰਨ ਉਲਟੀਆਂ ਅਤੇ ਦਸਤ ਵੀ ਵਧ ਗਏ ਹਨ। ਗਰਮੀ ਵਧਣ ਦੇ ਨਾਲ-ਨਾਲ ਠੰਢੇ ਪੀਣ ਵਾਲੇ ਪਦਾਰਥਾਂ ਦੀ ਮੰਗ ਵਧ ਗਈ ਹੈ। ਵਧਦੇ ਤਾਪਮਾਨ ਤੋਂ ਪ੍ਰੇਸ਼ਾਨ ਲੋਕ ਆਪਣੀ ਮਦਦ ਲਈ ਕੋਲਡ ਡਰਿੰਕਸ, ਠੰਢੀ ਲੱਸੀ, ਗੰਨੇ ਦਾ ਰਸ, ਆਈਸਕਰੀਮ ਅਤੇ ਹੋਰ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰ ਰਹੇ ਹਨ। ਇਸ ਤੇਜ਼ ਗਰਮੀ ਵਿਚ ਲੋਕ ਨਿੰਬੂ ਦਾ ਰਸ ਅਤੇ ਨਿੰਬੂ ਪਾਣੀ ਵਰਗੇ ਠੰਢੇ ਪਦਾਰਥਾਂ ਨਾਲ ਆਪਣੇ ਸਰੀਰ ਨੂੰ ਠੰਢਾ ਕਰ ਰਹੇ ਹਨ।
ਸੂਰਜ ਚੜ੍ਹਦੇ ਹੀ ਵਧ ਜਾਂਦੀ ਹੈ ਗਰਮੀ : ਨਰਿੰਦਰ ਸਿੰਘ
ਦੁਕਾਨਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਹੀ ਸੂਰਜ ਦੇਵਤਾ ਆਪਣਾ ਪ੍ਰਕੋਪ ਦਿਖਾ ਰਿਹਾ ਹੈ। ਇਸ ਕਾਰਨ ਲੋਕ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰਾਂ 'ਚੋਂ ਬਾਹਰ ਆ ਰਹੇ ਹਨ। ਜਿਸ ਕਰ ਕੇ ਸ਼ਹਿਰ ਦੇ ਬਾਜ਼ਾਰਾਂ ਅਤੇ ਸੜਕਾਂ ਵਿੱਚ ਵੀ ਲੋਕਾਂ ਦੀ ਰੋਣਕ ਗਾਇਬ ਨਜ਼ਰ ਆ ਰਹੀ ਹੈ ਅਤੇ ਦੁਕਾਨਦਾਰ ਵੀ ਆਪਣੇ ਘਰਾਂ ਨੂੰ ਵਿਹਲੇ ਬੈਠ ਕੇ ਮੁੜ ਜਾਂਦੇ ਹਨ। ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਆਪਣੇ ਕੰਮਾਂ-ਕਾਰਾਂ ਲਈ ਆਉਣ-ਜਾਣ ਵੇਲੇ ਕਾਫੀ ਮੁਸ਼ਕਲਾਂ ਆ ਰਹੀਆਂ ਹਨ ਅਤੇ ਲੋਕ ਗਰਮੀ ਦੀ ਲੂ ਤੋਂ ਬਚਣ ਲਈ ਆਪਣੇ ਸਿਰਾਂ ਤੇ ਮੂੰਹ 'ਤੇ ਕੱਪੜਿਆਂ ਨਾਲ ਲਪੇਟਦੇ ਹੋਏ ਸੜਕਾਂ 'ਤੇ ਦਿਖਾਈ ਦੇ ਰਹੇ ਹਨ।
ਗਰਮੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ : ਡਾ. ਉਮੈਦਪੁਰ
ਸੀਐੱਚਸੀ ਸਾਹਨੇਵਾਲ ਦੇ ਮੈਡੀਕਲ ਅਫਸਰ ਡਾ. ਗੁਰਦੀਪ ਸਿੰਘ ਉਮੈਦਪੁਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਵਧ ਰਹੀ ਹੈ। ਇਸ ਤੋਂ ਆਪਣੇ-ਆਪ ਨੂੰ ਬਚਾਓ। ਗਰਮੀ ਤੋਂ ਬਚਾਅ ਤੇ ਇਸ ਦੀ ਮੁੱਢਲੀ ਸਹਾਇਤਾ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਗਰਮੀਆਂ ਵਿਚ ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਚਿੱਟੇ ਜਾਂ ਹਲਕੇ ਰੰਗ ਦੇ ਢਿੱਲੇ ਕੱਪੜੇ ਪਾਉਣ, ਬਿਨਾਂ ਖਾਧੇ ਬਾਹਰ ਨਾ ਜਾਣ, ਖਾਣਾ ਖਾਣ ਤੇ ਪਾਣੀ ਪੀਣ ਤੋਂ ਬਾਅਦ ਹੀ ਬਾਹਰ ਜਾਣ, ਇਸ ਤੋਂ ਇਲਾਵਾ ਧੁੱਪ ਦੀਆਂ ਐਨਕਾਂ ਤੇ ਛੱਤਰੀ ਨਾਲ ਲੈ ਕੇ ਜਾਣ, ਗਰਮੀਆਂ ਦੌਰਾਨ ਹਮੇਸ਼ਾ ਭਰਪੂਰ ਪਾਣੀ ਪੀਣ, ਜਦੋਂ ਵੀ ਸੰਭਵ ਹੋਵੇ ਤਾਂ ਲੰਬੇ ਸਮੇਂ ਤੱਕ ਧੁੱਪ ਵਿਚ ਖੜ੍ਹੇ ਰਹਿਣ ਤੋਂ ਬਚਣ ਦੀ ਅਪੀਲ ਕੀਤੀ। ਜੇ ਕੋਈ ਵਿਅਕਤੀ ਲਗਾਤਾਰ ਚਿੜਚਿੜਾਪਨ, ਘਬਰਾਹਟ, ਬੇਚੈਨੀ ਜਾਂ ਮਾਨਸਿਕ ਅਸਥਿਰਤਾ ਦਾ ਅਨੁਭਵ ਕਰਦਾ ਹੈ, ਤਾਂ ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਡਾਕਟਰ ਨਾਲ ਸਲਾਹ ਕਰਨ ਨਾਲ ਸਥਿਤੀ ਨੂੰ ਵਿਗੜਨ ਤੋਂ ਰੋਕਿਆ ਜਾ ਸਕਦਾ ਹੈ।