ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਬੁੱਧਵਾਰ ਸਵੇਰੇ ਸੁਭਾਨੀ ਬਿਲਡਿੰਗ ਚੌਕ 'ਚ ਪੈਂਦੇ ਬੰਬੇ ਸਪੋਰਟ ਸੈਂਟਰ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਮੁੱਢਲੀ ਜਾਂਚ ਤੋਂ ਬਾਅਦ ਹਾਦਸੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਕੁੱਝ ਹੀ ਸਮੇਂ 'ਚ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਹਾਦਸਾ ਬੁੱਧਵਾਰ ਸਵੇਰੇ ਸੱਤ ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ। ਬੇਸ਼ੱਕ ਫਾਇਰ ਬਿ੍ਗੇਡ ਦੀ ਟੀਮ ਨੇ ਕੁਝ ਹੀ ਸਮੇਂ 'ਚ ਅੱਗ 'ਤੇ ਕਾਬੂ ਪਾ ਲਿਆ ਪਰ ਇਸ ਇਲਾਕੇ 'ਚ ਦਰਜਨਾਂ ਬੈਟਰੀਆਂ ਦੀਆਂ ਦੁਕਾਨਾਂ ਹਨ। ਦੁਕਾਨਾਂ 'ਚ ਪਈਆਂ ਹਜ਼ਾਰਾਂ ਬੈਟਰੀਆਂ ਦੇ ਅੰਦਰ ਭਾਰੀ ਮਾਤਰਾ 'ਚ ਤੇਜ਼ਾਬ ਹੁੰਦਾ ਹੈ । ਖ਼ੁਦਾ ਨਾ ਖਾਸਤਾ ਜੇਕਰ ਅੱਗ ਵਧ ਜਾਂਦੀ ਤਾਂ ਏਨਾ ਵੱਡਾ ਹਾਦਸਾ ਵਾਪਰ ਜਾਂਦਾ ਕਿ ਪ੍ਰਸ਼ਾਸਨ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ। ਪ੍ਰਸ਼ਾਸਨ ਵੱਲੋਂ ਨਾ ਤਾਂ ਇਸ ਇਲਾਕੇ 'ਚ ਅੱਗ ਬੁਝਾਊ ਯੰਤਰਾਂ 'ਤੇ ਧਿਆਨ ਦਿੱਤਾ ਗਿਆ ਹੈ ਤੇ ਨਾ ਹੀ ਕੋਈ ਅਜਿਹੀ ਪਾਈਪਲਾਈਨ ਪਾਈ ਗਈ ਹੈ ਜਿਸ ਦੇ ਜ਼ਰੀਏ ਹਾਦਸਾ ਵਾਪਰਨ ਤੇ ਅੱਗ ਬੁਝਾਈ ਜਾ ਸਕੇ। ਜ਼ਿਕਰਯੋਗ ਹੈ ਕਿ ਤਕਰੀਬਨ 18 ਸਾਲ ਪਹਿਲੋਂ ਇਸ ਹਾਦਸੇ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਪੈਂਦੇ ਖੁੱਡ ਮੁਹੱਲਾ ਇਲਾਕੇ 'ਚ ਕੈਮੀਕਲ ਦੇ ਗੁਦਾਮ 'ਚ ਅਜਿਹਾ ਹੀ ਹਾਦਸਾ ਵਾਪਰਿਆ ਸੀ। ਉਸ ਵੇਲੇ ਫਾਇਰ ਬਿ੍ਗੇਡ ਮੁਲਾਜ਼ਮਾਂ ਸਮੇਤ ਕਈ ਵਿਅਕਤੀ ਅੱਗ ਦੀ ਚਪੇਟ 'ਚ ਆ ਗਏ ਸਨ। ਕਈ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ।

====

ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ

ਦੁਕਾਨ ਨੂੰ ਅੱਗ ਲੱਗੀ ਦੇਖ ਰਾਹਗੀਰਾਂ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ। ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਦੀ ਟੀਮ ਨੇ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਫਾਇਰ ਬਿ੍ਗੇਡ ਦਾ ਕਹਿਣਾ ਹੈ ਕਿ ਦੁਕਾਨ 'ਚ ਪਲਾਸਟਿਕ ਦਾ ਸਾਮਾਨ ਭਰਿਆ ਹੋਣ ਕਰ ਕੇ ਅੱਗ ਨੇ ਕੁਝ ਹੀ ਮਿੰਟਾਂ 'ਚ ਤਿੰਨਾਂ ਮੰਜ਼ਿਲਾਂ ਨੂੰ ਆਪਣੀ ਚਪੇਟ 'ਚ ਲੈ ਲਿਆ ਸੀ ।

===

ਲੱਖਾਂ ਰੁਪਏ ਦਾ ਸਪੇਅਰ ਪਾਰਟਸ ਦਾ ਸਾਮਾਨ ਸੜ ਕੇ ਸੁਆਹ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੁਕਾਨ 'ਚ ਪਈ 28 ਹਜ਼ਾਰ ਰੁਪਏ ਦੀ ਨਕਦੀ ਤੇ ਲੱਖਾਂ ਰੁਪਏ ਦੀ ਕੀਮਤ ਦਾ ਸਪੇਅਰ ਪਾਰਟਸ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨਦਾਰ ਨੇ ਦੇਰ ਸ਼ਾਮ ਨੂੰ ਤਿੰਨ ਲੱਖ ਰੁਪਏ ਦੀ ਨਕਦੀ ਕਿਸੇ ਕਾਰੋਬਾਰੀ ਨੂੰ ਦਿੱਤੀ ਸੀ, ਜਿਸ ਦੇ ਚੱਲਦੇ ਤਿੰਨ ਲੱਖ ਰੁਪਏ ਦਾ ਬਚਾਅ ਹੋ ਗਿਆ।