ਮਨੀਸ਼ ਸਚਦੇਵਾ, ਸਮਰਾਲਾ

ਖੰਨਾ ਤੇ ਚਾਵਾ ਰੋਡ ਵਿਚਕਾਰ ਫੈਲੇ ਕਰੀਬ 6 ਏਕੜ ਸ਼ਹਿਰ ਦੇ ਗੰਦੇ ਨੂੰ ਸਮਾਉਣ ਲਈ ਟੋਭੇ 'ਚ ਉੱਗੇ ਸਰਕੰਡਿਆਂ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੂਰ ਤਕ ਫੈਲ ਗਈ। ਅੱਗ ਨੂੰ ਦੇਖਦੇ ਹੋਏ ਟੋਭੇ ਦੇ ਨਾਲ ਲਗਦੇ ਸਰਕਾਰੀ ਮਾਰਕਫੈੱਡ ਦੇ ਗੋਦਾਮ ਤੇ ਨੇੜੇ ਦੀਆਂ ਦੁਕਾਨਦਾਰਾਂ ਦੇ ਹੋਸ਼ ਉਡ ਗਏ, ਕਿਉਂਕਿ ਸਰਕਾਰੀ ਗੋਦਾਮਾਂ 'ਚ ਸਰਕਾਰ ਦੀ ਕਰੋੜਾਂ ਰੁਪਏ ਦੀ ਕਣਕ ਜਮ੍ਹਾਂ ਹੈ। ਅੱਗ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਨੇ ਤੁਰੰਤ ਹੀ ਸਮਰਾਲਾ ਦੀ ਫਾਇਰ ਬਿ੍ਗੇਡ ਦਫ਼ਤਰ ਨੂੰ ਸੂਚਨਾ ਦਿੱਤੀ। ਫਾਇਰ ਬਿ੍ਗੇਡ ਦੀ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।

ਅੱਗ ਲੱਗਣ ਦਾ ਪਤਾ ਚਲਦੇ ਹੀ ਮਾਰਕਫੈੱਡ ਦੇ ਗੋਦਾਮਾਂ ਕੋਲ ਅੱਗ ਪਹੁੰਚਣ ਤੋਂ ਬਚਾਉਣ ਲਈ ਪ੍ਰਸ਼ਾਸ਼ਨ ਮੌਕੇ 'ਤੇ ਪਹੁੰਚ ਗਿਆ, ਜਿਨ੍ਹਾਂ 'ਚ ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਐੱਸਐੱਚਓ ਸਿਕੰਦਰ ਸਿੰਘ, ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਤੇ ਫਾਇਰ ਅਫ਼ਸਰ ਹਰਕੀਰਤ ਸਿੰਘ ਸ਼ਾਮਲ ਸਨ। ਫਿਲਹਾਲ ਮਾਰਕਫੈੱਡ ਦੇ ਗੋਦਾਮ ਦੀ ਖਿੜਕੀ ਤੋੜ ਕੇ ਪਿੱਛੇ ਲੱਗਦੇ ਟੋਭੇ 'ਚ ਲਗਾਤਾਰ ਪਾਣੀ ਦੀਆਂ ਵਾਛੜਾਂ ਕਰ ਰਹੇ ਹਨ ਤਾਂ ਕਿ ਅੱਗ ਗੋਦਾਮਾਂ ਤਕ ਨਾ ਪਹੁੰਚ ਸਕੇ। ਅੱਗ ਟੋਭੇ ਦੀ ਉਸ ਜਗਾ੍ਹ ਤੱਕ ਫੈਲੀ ਹੋਈ ਹੈ, ਜਿਥੇ ਪਾਣੀ ਦੀ ਵਾਛੜਾਂ ਨਹੀਂ ਜਾ ਸਕਦੀਆਂ, ਕਿਉਂਕਿ ਇਹ ਟੋਭਾ 6 ਏਕੜ 'ਚ ਫੈਲਿਆ ਹੋਇਆ ਹੈ। ਫਿਲਹਾਲ ਫਾਇਰ ਕਰਮਚਾਰੀ ਅੱਗ ਵਧਾਉਣ ਲਈ ਜੱਦੋਜਹਿਦ ਕਰ ਰਹੇ ਹਨ। ਇਨ੍ਹਾਂ ਸਰਕੰਡਿਆਂ ਦੇ ਉਪਰ ਰੋਜ਼ਾਨਾ ਹੀ ਸੈਂਕੜਿਆਂ ਦੀ ਤਦਾਦ ਨਾਲ ਛੋਟੇ-ਛੋਟੇ ਪੰਛੀ ਉਡਦੇ ਰਹਿੰਦੇ ਹਨ, ਜੋ ਇਸ ਅੱਗ ਦੀ ਭੇਟ ਚੜ੍ਹ ਗਏ ਹੋਣਗੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਰੀਬ ਤਿੰਨ ਵਾਰ ਇਨ੍ਹਾਂ ਸਰਕੰਡਿਆਂ ਨੂੰ ਅੱਗ ਲੱਗ ਚੁੱਕੀ ਹੈ ਤੇ ਤਿੰਨ ਵਾਰ ਹੀ ਸਰਕੰਡਿਆਂ 'ਚ ਪੈਦਾ ਹੋਏ ਜੀਵ ਜੰਤੂ ਅਗਨੀ ਭੇਂਟ ਚੜ੍ਹੇ ਹਨ। ਇਸ ਸਬੰਧ 'ਚ ਫਾਇਰ ਅਫ਼ਸਰ ਹਰਕੀਰਤ ਸਿੰਘ ਦਾ ਕਹਿਣਾ ਹੈ ਕਿ ਅੱਗ ਬੁਝਾਉਣ ਲਈ ਫਿਲਹਾਲ 6 ਗੱਡੀਆਂ ਪਾਣੀ ਵਾਲੀਆਂ ਲੱਗ ਚੁੱਕੀਆਂ ਹਨ, ਜਲਦੀ ਹੀ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤਕ ਫਾਇਰ ਬਿ੍ਗੇਡ ਅੱਗ 'ਤੇ ਕਾਬੂ ਪਾਉਣ 'ਚ ਲੱਗੀ ਹੋਈ ਸੀ।