ਉਮੇਸ਼ ਜੈਨ/ਕਰਮਜੀਤ ਸਿੰਘ ਅਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪਿੰਡ ਮੱਤੇਵਾੜਾ ਵਿਖੇ ਅੱਜ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਗੁਰੂ ਘਰ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਗਈਆਂ।

ਪਿੰਡ ਵਾਸੀ ਸਨੀ ਕੁਮਾਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਕਰੀਬ 12 ਵਜੇ ਇਕ ਅੌਰਤ ਬਖ਼ਸ਼ੀਸ਼ ਕੌਰ ਨੇ ਰੌਲਾ ਪਾਇਆ ਕਿ ਗੁਰੂ ਘਰ ਦੇ ਰੌਸ਼ਨਦਾਨ 'ਚੋਂ ਧੂੰਆਂ ਨਿਕਲ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ। ਜਦੋਂ ਗੁਰੂ ਘਰ ਦੇ ਗੇਟ ਅੱਗੇ ਦੇਖਿਆ ਤਾਂ ਉਥੇ ਜਾਅਲੀ ਵਾਲੇ ਦਰਵਾਜੇ ਨੂੰ ਤਾਲਾ ਲੱਗਾ ਸੀ, ਜਿਸ ਨੂੰ ਤੋੜ ਕੇ ਅੰਦਰ ਦਾਖ਼ਲ ਹੋਏ ਤਾਂ ਵੇਖਿਆ ਕਿ ਸਾਹਮਣੇ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਬਿਲਕੁਲ ਠੀਕ ਸਨ, ਜਦਕਿ ਕਮਰੇ ਦੇ ਕੋਨੇ 'ਚ ਬਣਾਏ ਗਏ ਸੱਚਖੰਡ 'ਚ ਅੱਗ ਕਾਰਨ ਸ਼ੀਸ਼ੇ ਟੁੱਟ ਰਹੇ ਸਨ। ਲੋਕਾਂ ਨੇ ਪਾਣੀ ਨਾਲ ਅੱਗ 'ਤੇ ਕਾਬੂ ਪਾਇਆ। ਅੰਦਰ ਜਾ ਕੇ ਵੇਖਿਆ ਕਿ ਸੱਚਖੰਡ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਸਰੂਪ ਤੇ ਕੁਝ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਚੁੱਕੀਆਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ੋ੍ਮਣੀ ਕਮੇਟੀ ਦੇ ਮੈਂਬਰ ਜਥੇ. ਰਣਜੀਤ ਸਿੰਘ ਮੰਗਲੀ ਤੇ ਗੁਰਦੁਆਰਾ ਕਟਾਣਾ ਸਾਹਿਬ ਤੋਂ ਪੰਜ ਸਿੰਘ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਪੂਰਨ ਮਰਿਯਾਦਾ ਨਾਲ ਅਗਨ ਭੇਟ ਹੋਏ ਸਰੂਪ ਤੇ ਪੋਥੀਆਂ ਦੀ ਸੰਭਾਲ ਕੀਤੀ, ਤਾਂ ਜੋ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਇਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਜਾ ਸਕੇ।

ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਿਸ ਨੇ ਬਿਆਨ ਦਰਜ ਕਰ ਲਏ ਹਨ ਤੇ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਦੁੱਖਦਾਈ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ।