ਸੰਜੀਵ ਗੁਪਤਾ, ਜਗਰਾਓਂ : ਬੇਟ ਇਲਾਕੇ ਵਿਚ ਰੇਤ ਮਾਈਨਿੰਗ ਨੂੰ ਲੈ ਕੇ ਠੇਕੇਦਾਰ ਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀ ਇਕ ਵਾਰ ਫੇਰ ਆਹਮੋ-ਸਾਹਮਣੇ ਹੋ ਗਏ ਹਨ। ਦੱਸਿਆ ਗਿਆ ਹੈ ਕਿ ਠੇਕੇਦਾਰ ਤੇ ਸਾਥੀ ਕਮਰੇ ਵਿਚ ਬੰਦ ਕਰ ਕੇ ਕੁੱਟਮਾਰ ਕੀਤੀ ਗਈ ਹੈ। ਜਦੋਂ ਤਕ ਪੁਲਿਸ ਪਹੁੰਚੀ, ਕੁੱਟਮਾਰ ਕਰਨ ਵਾਲੇ ਅਨਸਰ ਠੇਕੇਦਾਰਾਂ ਕੋਲੋਂ ਨਕਦੀ, ਰਾਈਫਲ ਤੇ ਚੈਨ ਖੋਹ ਕੇ ਫ਼ਰਾਰ ਹੋ ਗਏ ਸਨ। ਪੁਲਿਸ ਨੇ ਠੇਕੇਦਾਰ ਤੇ ਟੀਮ ਨੂੰ ਹਮਲਾਵਰਾਂ ਦੇ ਚੁੰਗਲ ਵਿੱਚੋਂ ਮਸਾਂ ਛੁਡਾਇਆ।

ਪ੍ਰਾਪਤ ਜਾਣਕਾਰੀ ਮੁਤਾਬਕ ਬੇਟ ਇਲਾਕੇ ਵਿਚ ਮਾਈਨਿੰਗ ਦੀ ਨਿਗਰਾਨੀ ਕਰਦੇ ਗੁਰਬਖਸ਼ ਸਿੰਘ ਬੀਤੀ ਰਾਤ ਸਾਥੀਆਂ ਨਾਲ ਦੋ ਗੱਡੀਆਂ ’ਤੇ ਸਵਾਰ ਹੋ ਕੇ ਨਕਦੀ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਪਿੰਡ ਬਾਘੀਆਂ ਨੇੜੇ ਉਹ ਵਿਅਕਤੀ ਟਰਾਲੀਆਂ ਲੈ ਕੇ ਜਾਂਦਾ ਨਜ਼ਰ ਆਇਆ, ਜੋ ਧੱਕੇ ਨਾਲ ਰੇਤ ਭਰਦਾ ਹੈ। ਜਿਉਂ ਹੀ ਨੇੜੇ ਪਹੁੰਚੇ ਤਾਂ ਦੂਜੀ ਧਿਰ ਦੇ ਵਿਅਕਤੀ ਇਕੱਤਰ ਹੋ ਗਏ ਤੇ ਉਨ੍ਹਾਂ ਨੇ ਗੁਰਬਖਸ਼ ਸਿੰਘ ਤੇ ਸਾਥੀਆਂ ਨੂੰ ਘੇਰ ਕੇ ਕਮਰੇ ਵਿਚ ਬੰਦ ਕਰ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸਿੱਧਵਾਂ ਬੇਟ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪੁੱਜੀ। ਪੁਲਿਸ ਨੇ ਕਾਫ਼ੀ ਜੱਦੋਜਹਿਦ ਦੋਂ ਬਾਅਦ ਸਾਰਿਆਂ ਨੂੰ ਹਮਲਾਵਰਾਂ ਦੇ ਚੁੰਗਲ ਵਿੱਚੋਂ ਛੁਡਾਇਆ। ਇਸ ਦੌਰਾਨ ਠੇਕੇਦਾਰ ਨੇ ਹਮਲਾਵਰਾਂ ’ਤੇ 1 ਲੱਖ 80 ਹਜ਼ਾਰ ਦੀ ਨਕਦੀ, 12 ਬੋਰ ਦੀ ਰਾਈਫਲ, ਸੋਨੇ ਦੀ ਚੈਨੀ ਤੇ ਕਾਗਜ਼ਾਤ ਖੋਹ ਕੇ ਲੈ ਜਾਣ ਦੇ ਦੋਸ਼ ਲਾਏ ਹਨ।


ਓਧਰ, ਦੂਸਰੀ ਧਿਰ ਦੇ ਜੰਗ ਸਿੰਘ ਨੰਬਰਦਾਰ ਬਾਘੀਆਂ ਦੇ ਸਾਥੀ ਗੁਰਦੀਪ ਸਿੰਘ ਨੇ ਠੇਕੇਦਾਰਾਂ ਵੱਲੋਂ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਥਾਣਾ ਸਿਧਵਾਂ ਬੇਟ ਦੀ ਪੁਲਿਸ ਨੇ ਠੇਕੇਦਾਰ ਗੁਰਬਖਸ਼ ਸਿੰਘ ਦੇ ਬਿਆਨਾਂ ’ਤੇ ਨੰਬਰਦਾਰ ਜੰਗ ਸਿੰਘ, ਉਸ ਦਾ ਪੁੱਤਰ ਲਾਲ ਸਿੰਘ, ਬਲਵੀਰ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਤੇ ਚੰਨੀ ਨੂੰ ਮੁਕੱਦਮੇ ਵਿਚ ਨਾਮਜ਼ਦ ਕਰ ਲਿਆ ਹੈ। ਦੂਜੇ ਪਾਸੇ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਠੇਕੇਦਾਰ ਲਾਲ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ, ਗੁਰਬਖਸ਼ ਸਿੰਘ, ਸੁਖਵਿੰਦਰ ਪੀਟਰ, ਮੇਜਰ ਸਿੰਘ ਤੇ ਅਜੇ ਠਾਕੁਰ ਖਿਲਾਫ ਮੁਕੱਦਮਾ ਦਰਜ ਕਰ ਲਿਆ।

ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

ਰੇਤ ਠੇਕੇਦਾਰ ਤੇ ਸਾਥੀਆਂ ਨੂੰ ਕਮਰੇ ਵਿਚ ਬੰਦ ਕਰ ਕੇ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਿਚ ਠੇਕੇਦਾਰ ਦੇ ਸਾਥੀਆਂ ਦੀ ਕੁੱਟਮਾਰ ਕਾਰਨ ਬੁਰੀ ਹਾਲਤ ਅਤੇ ਪਸੀਨੇ ਨਾਲ ਨੁੱਚੜੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਇਸ ਕੇਸ ਵਿਚ ਸਬੂਤ ਦਾ ਕੰਮ ਕਰ ਸਕਦੀ ਹੈ।

Posted By: Jagjit Singh