ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਬੇਟ ਇਲਾਕੇ ਦੇ ਪਿੰਡ ਭੌਰਲਾ ਬੇਟ ਵਿਖੇ ਇੱਕ ਵਿਅਕਤੀ ਵਲੋਂ ਆਪਣੇ ਪਿਤਾ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖੁਦਕੁਸ਼ੀ ਕਰਨ ਵਾਲੇ ਵਿਅਕਤੀ ਜਗਤਾਰ ਸਿੰਘ ਉਰਫ਼ ਜੱਗੀ ਦੀ ਲੜਕੀ ਜਸ਼ਨਪ੍ਰੀਤ ਕੌਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸਦਾ ਦਾਦਾ ਹਰਨੇਕ ਸਿੰਘ ਯੂਪੀ ਵਿਖੇ ਖੇਤੀਬਾੜੀ ਦਾ ਕੰਮ ਕਰਦਾ ਹੈ ਜੋ ਕਿ ਕੁਝ ਦਿਨਾਂ ਤੋਂ ਸਾਡੇ ਕੋਲ ਪਿੰਡ ਵਿਖੇ ਆਇਆ ਹੋਇਆ ਹੈ। ਮੇਰਾ ਦਾਦਾ ਯੂਪੀ ਤੋਂ ਹੀ ਇੱਕ ਡੈੱਕ ਲੈ ਕੇ ਆਇਆ ਸੀ ਜੋ ਕਿ ਖ਼ਰਾਬ ਹੋ ਗਿਆ। ਮੇਰੇ ਦਾਦੇ ਨੇ ਲੰਘੀ 22 ਨਵੰਬਰ ਨੂੰ ਸ਼ਰਾਬ ਪੀਤੀ ਹੋਈ ਸੀ ਕਿ ਉਸਨੇ ਸ਼ਰਾਬੀ ਹਾਲਤ ਵਿਚ ਮੇਰੇ ਪਿਤਾ ਜਗਤਾਰ ਸਿੰਘ ਨੂੰ ਕਿਹਾ ਕਿ ਤੂੰ ਮੇਰਾ ਡੈੱਕ ਖਰਾਬ ਕਰ ਦਿੱਤਾ ਹੈ ਅਤੇ ਉਸਨੇ ਗੁੱਸੇ ਵਿਚ ਮੇਰੇ ਪਿਤਾ ਦੇ ਥੱਪੜ ਵੀ ਮਾਰੇ। ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਅਸੀਂ ਦੋਵਾਂ ਨੂੰ ਸਮਝਾ ਕੇ ਆਪੋ-ਆਪਣੇ ਕਮਰਿਆਂ ਵਿਚ ਸੌਣ ਲਈ ਭੇਜ ਦਿੱਤਾ ਪਰ ਸਵੇਰੇ ਕਰੀਬ 6 ਵਜੇ ਜਦੋਂ ਮੈਂ ਆਪਣੇ ਪਿਤਾ ਦੇ ਕਮਰੇ ਵਿਚ ਗਈ ਤਾਂ ਦੇਖਿਆ ਕਿ ਮੇਰੇ ਪਿਤਾ ਨੇ ਕਮਰੇ ਵਿਚ ਤਾਕੀ ਦੀ ਲੋਹੇ ਵਾਲੀ ਗਰਿੱਲ ਨਾਲ ਫਾਹਾ ਲਿਆ ਹੋਇਆ ਸੀ। ਮੇਰੇ ਰੌਲ਼ਾ ਪਾਉਣ ਤੇ ਮੇਰੀ ਭੈਣ ਤੇ ਦਾਦਾ ਕਮਰੇ ਵਿਚ ਆਏ ਜਿਨ੍ਹਾਂ ਦੀ ਮੱਦਦ ਨਾਲ ਲਾਸ਼ ਨੂੰ ਗਰਿੱਲ ਤੋਂ ਉਤਾਰ ਕੇ ਬੈੱਡ ’ਤੇ ਪਾ ਦਿੱਤਾ। ਮੇਰੇ ਦਾਦੇ ਨੇ ਸਾਨੂੰ ਕਿਹਾ ਕਿ ਤੁਸੀਂ ਸਾਰਿਆਂ ਨੂੰ ਇਹ ਦੱਸਣਾ ਹੈ ਕਿ ਪਿਤਾ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਮ੍ਰਿਤਕ ਦੀ ਲੜਕੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਜਦੋਂ ਮੇਰੇ ਪਿਤਾ ਨੂੰ ਦਾਦੇ ਨੇ ਥੱਪੜ ਮਾਰੇ ਸਨ ਤਾਂ ਉਹ ਕਹਿੰਦੇ ਸਨ ਕਿ ਅਜਿਹੀ ਜ਼ਿੰਦਗੀ ਨਾਲੋਂ ਮਰ ਜਾਣਾ ਹੀ ਚੰਗਾ ਹੈ, ਇਸ ਕਰਕੇ ਮੇਰੇ ਪਿਤਾ ਨੇ ਬੇਇਜ਼ਤੀ ਨਾ ਸਹਾਰਦਿਆਂ ਖੁਦਕੁਸ਼ੀ ਕੀਤੀ ਹੈ। ਲੜਕੀ ਨੇ ਦੱਸਿਆ ਕਿ ਮੇਰੀ ਮਾਤਾ ਜੋ ਕਿ ਕਾਫ਼ੀ ਸਮੇਂ ਤੋਂ ਪੁਰਤਗਾਲ ਵਿਖੇ ਰਹਿ ਰਹੀ ਹੈ, ਉਸ ਨੂੰ ਸਾਰੀ ਗੱਲ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਰਿਸ਼ਤੇਦਾਰਾਂ ਨਾਲ ਗੱਲਬਾਤ ਪੁਲਿਸ ਨੂੰ ਸੂਚਨਾ ਦਿੱਤੀ। ਹਰਨੇਕ ਸਿੰਘ ਦੇ ਪੁੱਤਰ ਜਗਤਾਰ ਸਿੰਘ ਨੇ ਜਦੋਂ ਆਪਣੇ ਪਿਤਾ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰ ਲਈ ਤਾਂ ਮੇਰੇ ਦਾਦੇ ਨੇ ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੂੰ ਅਟੈਕ ਦੱਸ ਕੇ ਲਾਸ਼ ਦਾ ਅੰਤਿਮ ਸਸਕਾਰ ਕਰ ਜਾਣਬੁੱਝ ਕੇ ਖੁਰਦ-ਬੁਰਦ ਕੀਤੀ ਹੈ। ਇਸ ਮਾਮਲੇ ਦੀਆਂ ਪਰਤਾਂ ਉਦੋਂ ਖੁੱਲ੍ਹੀਆਂ ਜਦੋਂ ਮ੍ਰਿਤਕ ਦੀ ਧੀ ਨੇ ਆਪਣੇ ਦਾਦੇ ਖਿਲਾਫ਼ ਆਪਣੇ ਪਿਤਾ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਬਿਆਨ ਦਰਜ ਕਰਵਾਏ। ਪੁਲਿਸ ਵਲੋਂ ਮ੍ਰਿਤਕ ਜਗਤਾਰ ਸਿੰਘ ਦੀ ਪੁੱਤਰੀ ਜਸ਼ਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਦਾਦਾ ਹਰਨੇਕ ਸਿੰਘ ਖ਼ਿਲਾਫ਼ ਧਾਰਾ 306 ਅਤੇ 201 ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।

Posted By: Jagjit Singh