ਸੁਰਿੰਦਰ ਅਰੋੜਾ, ਮੁੱਲਾਪੁਰ ਦਾਖਾ: ਸ਼ੈਲਰ ਵਿਚ ਚੈਕਿੰਗ ਲਈ ਆਏ ਸਟਾਫ ਨੂੰ ਘੇਰ ਕੇ ਸ਼ੈਲਰ ਮਾਲਕ ਨੇ ਕੁੱਟਮਾਰ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ। ਥਾਣਾ ਦਾਖਾ ਦੀ ਪੁਲਿਸ ਨੇ ਐੱਫਸੀਆਈ ਮੁਲਾਜ਼ਮਾਂ ਦੀ ਕੁੱਟਮਾਰ ਕਰਨ, ਨਮੀ ਚੈੱਕ ਕਰਨ ਵਾਲੇ ਮੀਟਰ ਨਾਲ ਛੇੜਛਾੜ ਕਰਨ, ਡਿਊਟੀ ਵਿਚ ਵਿਘਨ ਪਾਉਣ ਤੇ ਧਮਕੀਆਂ ਦੇਣ ਦੇ ਦੋਸ਼ ਤਹਿਤ ਸ਼ੈਲਰ ਮਾਲਕ ਤੇ ਉਸ ਦੇ ਦੋ ਕਰਿੰਦਿਆਂ ਖਿਲਾਫ ਵੱਖ- ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਵ ਪ੍ਰਸ਼ਾਦ ਵਰਮਾ ਵਾਸੀ ਕਠੋਲੀ ਥਾਣਾ ਪੱਟੀ ਜ਼ਿਲ੍ਹਾ ਪ੍ਰਤਾਪਗੜ੍ਹ (ਯੂਪੀ) ਹਾਲ ਵਾਸੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਜ਼ਰੀਏ ਦੱਸਿਆ ਕਿ ਉਹ ਐੱਫਸੀਆਈ ਵਿਚ ਬਤੌਰ ਤਕਨੀਕੀ ਸਹਾਇਕ (ਟੀਏ) ਮੁੱਲਾਂਪੁਰ ਤਾਇਨਾਤ ਹੈ ਤੇ ਉਨ੍ਹਾਂ ਦੇ ਵਿਭਾਗ ਵੱਲੋਂ ਚੌਲਾਂ ਦੀ ਸਰਕਾਰੀ ਤੌਰ 'ਤੇ ਖ਼ਰੀਦ ਕੀਤੀ ਜਾ ਰਹੀ ਹੈ।

ਜਿਸ ਦੇ ਤਹਿਤ ਗੁਰੂ ਕ੍ਰਿਪਾ ਰਾਈਸ ਮਿੱਲ ਵੱਲੋਂ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਪਿੰਡ ਵੜੈਚ ਦੇ ਗੋਦਾਮ ਅੰਦਰ ਡੰਪ ਕੀਤੇ ਚਾਵਲ ਦੀ ਜਾਂਚ ਕਰਨ ਲਈ ਉਸ ਦੀ ਤੇ ਉਸ ਦੇ ਸਾਥੀਆਂ ਪ੍ਰੇਮ ਕੁਮਾਰ ਮੈਨੇਜਰ ਕੁਆਇਲਟੀ ਕੰਟਰੋਲਰ, ਸੁਲਿੰਦਰ ਕੁਮਾਰ, ਮੋਨਾਲੀਜਾ ਦਾਸ, ਮੋਹਿਤ ਕਨੌਜੀਆ, ਪਵਨ ਕਾਂਤ ਤੇ ਸੰਜੇ ਕੁਮਾਰ ਦੀ ਡਿਊਟੀ ਲੱਗੀ ਹੋਈ ਸੀ। ਜਦੋਂ ਇਹ ਮੁਲਾਜ਼ਮ ਸ਼ੈਲਰ ਮਾਲਕ ਦੇ ਚਾਵਲ ਦਾ ਸੈਂਪਲ ਲਿਜਾਣ ਮਗਰੋਂ ਪੀਈਜੀਆਈ ਗੁਦਾਮ ਪਿੰਡ ਤਲਵੰਡੀ ਖੁਰਦ ਵਿਖੇ ਇਸ ਦੀ ਨਮੀ ਦੀ ਜਾਂਚ ਕਰ ਰਹੇ ਸਨ ਤਾਂ ਰੋਹਿਤ ਅੱਗਰਵਾਲ ਸੋਨੂ ਵਾਸੀ ਬਾੜੇਵਾਲ ( ਲੁਧਿਆਣਾ) ਮਾਲਕ ਗੁਰੂ ਕਿਰਪਾ ਰਾਈਸ ਮਿਲ ਆਪਣੇ ਮੁਨੀਮ ਸੰਦੀਪ ਤੇ ਰਿੰਟਾ ਨਾਲ ਕਾਰ ਵਿਚ ਆਇਆ ਅਤੇ ਸੈਂਪਲ ਦੀ ਨਮੀ ਚੈੱਕ ਕਰ ਰਹੀ ਮੋਨਾਲੀਜਾ ਨੂੰ ਕਹਿਣ ਲੱਗਾ ਕਿ ਤੁਹਾਡਾ ਨਮੀ ਮਾਪਕ ਯੰਤਰ ਗ਼ਲਤ ਹੈ ਤੇ ਧੱਕਾ ਮਾਰ ਕੇ ਉਸ ਕੋਲੋਂ ਮੀਟਰ ਦਾ ਹੈਂਡਲ ਖੋਹਣ ਪਿੱਛੋਂ ਨਮੀ ਚੈੱਕ ਕਰਨ ਲੱਗਾ। ਇਸ 'ਤੇ ਪ੍ਰੇਮ ਕੁਮਾਰ ਮੈਨੇਜਰ ਕੁਆਇਲਟੀ ਕੰਟਰੋਲਰ ਨੇ ਕਿਹਾ ਕਿ ਇਹ ਸਭ ਕੁਝ ਕਰਨ ਦਾ ਤੈਨੂੰ ਕੋਈ ਅਧਿਕਾਰ ਨਹੀਂ।

ਸ਼ਿਵ ਪ੍ਰਸ਼ਾਦ ਵਰਮਾ ਮੁਤਾਬਕ ਗੁਸੇ ਵਿਚ ਆ ਕੇ ਸੋਨੂੰ ਨਮੀ ਚੈੱਕ ਕਰਨ ਵਾਲੀ ਮਸ਼ੀਨ ਨੂੰ ਧੱਕਣ ਲੱਗ ਪਿਆ ਅਤੇ ਗਾਲੀ ਗਲੋਚ ਕਰਨ ਦੇ ਨਾਲ-ਨਾਲ ਧਮਕੀਆਂ ਦਿੰਦੇ ਹੋਏ ਨੇ ਮੈਨੇਜਰ ਪ੍ਰਰੇਮ ਕੁਮਾਰ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਉਹ ਸਾਰੇ ਛੁਡਵਾਉਣ ਲੱਗੇ ਤਾਂ ਸੋਨੂੰ ਨੇ ਨਮੀ ਮਾਪਕ ਯੰਤਰ ਦੇ ਹੈਂਡਲ ਨਾਲ ਉਨ੍ਹਾਂ 'ਤੇ ਮੁੜ ਹਮਲਾ ਕੀਤਾ, ਇਸ 'ਤੇ ਪ੍ਰੇਮ ਤੇ ਸੰਜੇ ਦੇ ਨੱਕ ਅਤੇ ਅੱਖ 'ਤੇ ਸੱਟਾਂ ਵੱਜੀਆਂ। ਬਾਅਦ ਵਿਚ ਇਸਦੇ ਨਾਲ ਆਏ ਸੰਦੀਪ ਤੇ ਰਿੰਟੇ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਜਦੋਂ ਉਹ ਗੁਦਾਮ ਤੋਂ ਬਾਹਰ ਭੱਜਣ ਲੱਗੇ ਤਾਂ ਸ਼ੈਲਰ ਮਾਲਕ ਸੋਨੂੰ ਨੇ ਗੱਡੀ ਗੇਟ ਦੇ ਵਿਚਕਾਰ ਲਾ ਕੇ ਉਨ੍ਹਾਂ ਨੂੰ ਫੇਰ ਘੇਰ ਲਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ, ਇਸ 'ਤੇ ਇਹ ਤਿੰਨੋਂ ਜਣੇ ਗੱਡੀ ਵਿਚ ਬੈਠ ਕੇ ਚਲੇ ਗਏ। ਕੁਝ ਸਮੇਂ ਬਾਅਦ ਉੱਥੇ ਅਨਿਲ ਜੈਨ ਵਾਸੀ ਮੁੱਲਾਂਪੁਰ ਪੁੱਜ ਗਿਆ, ਜਿਸ ਨੇ ਮੈਨੇਜਰ ਪ੍ਰਰੇਮ ਤੇ ਮੁਲਾਜ਼ਮ ਸੰਜੇ ਕੁਮਾਰ ਨੂੰ ਸੁਧਾਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ। ਪੁਲਿਸ ਨੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਰੋਹਿਤ ਅੱਗਰਵਾਲ ਉਰਫ ਸੋਨੰੂ, ਮੁਨੀਮ ਸੰਦੀਪ ਤੇ ਰਿੰਟਾ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਅਰੰਭ ਕਰ ਦਿੱਤੀ ਹੈ।

ਐੱਫਸੀਆਈ ਮੁਲਾਜ਼ਮਾਂ ਕੀਤੀ ਸ਼ੈਲਰ ਮਾਲਕ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ

ਐੱਫਸੀਆਈ ਮੁਲਾਜ਼ਮਾਂ ਨੇ ਸ਼ੈਲਰ ਮਾਲਕ ਵੱਲੋਂ ਸਹਿ-ਮੁਲਾਜ਼ਮਾਂ ਦੀ ਕੀਤੀ ਕੁੱਟਮਾਰ ਖਿਲਾਫ ਸ਼ਹਿਰ ਵਿਖੇ ਬਣੇ ਵਿਭਾਗ ਦੇ ਗੁਦਾਮਾਂ ਵਿਚ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਲੋਕੇਸ਼ ਕੁਮਾਰ ਮੀਨਾ ਸਕੱਤਰ, ਪੰਜਾਬ ਭਾਰਤੀ ਖਾਦ ਨਿਗਮ ਕਰਮਚਾਰੀ ਸੰਘ, (ਬੀਕੇਐਨਕੇ ਸੰਘ), ਜ਼ਿਲ੍ਹਾ ਸੈਕਟਰੀ ਦੀਪਕ ਘਈ, ਐਗਜ਼ੀਕਿਉਟਿਵ ਸਟਾਫ ਯੂਨੀਅਨ 1158 ਦੇ ਜ਼ਿਲ੍ਹਾ ਸੈਕਟਰੀ ਚੰਦਨ ਅਤੇ ਪ੍ਰਧਾਨ ਸੁਧੀਰ ਅਤੇ ਕੁਆਲਟੀ ਕੰਟਰੋਲਰ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਬੀਐੱਸ ਚੌਹਾਨ ਨੇ ਸਰਕਾਰੀ ਕਰਮਚਾਰੀਆਂ ਨਾਲ ਕੀਤੀ ਕੁੱਟਮਾਰ ਦੀ ਨਿਖੇਧੀ ਕਰਦਿਆਂ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਸ਼ੈਲਰ ਮਾਲਕ ਖਿਲਾਫ ਸਖਤ ਕਾਰਵਾਈ ਕਰਦਿਆਂ ਉਸਦੀ ਪੈਡੀ ਲਗਵਾਉਣੀ ਬੰਦ ਕਰਨ ਤੇ ਸ਼ੈਲਰ ਨੂੰ ਬਲੈਕ ਲਿਸਟ ਕੀਤਾ ਜਾਵੇ।

ਐੱਫਸੀਆਈ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਦੇ ਕੰਮ ਬੰਦ ਕੀਤਾ ਗਿਆ ਹੈ ਜੇ ਪ੍ਰਬੰਧਕਾਂ ਨੇ ਇਹ ਮੰਗਾਂ ਨਾ ਮੰਨੀਆਂ ਤਾਂ ਉਹ ਕੰਮ ਬੰਦ ਕਰਨਗੇ। ਇਸ ਮੌਕੇ ਹਨੁਮਾਨ ਪ੍ਰਸ਼ਾਦ, ਰਾਜਕਰਨ ਵਰਮਾ, ਪਵਨ ਕੁਮਾਰ, ਸੰਜੀਵ ਕੁਮਾਰ ਤੇ ਸੰਜੇ ਕੁਮਾਰ ਆਦਿ ਮੁਲਾਜ਼ਮ ਹਾਜ਼ਰ ਸਨ।