ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਤੀ ਦੇ ਘਰੋਂ ਵਾਪਸ ਲਿਆਉਣ ਤੋਂ ਬਾਅਦ ਪਿਤਾ ਨੇ ਆਪਣੀ ਧੀ ਦੀ ਧੌਣ 'ਤੇ ਕੁਹਾੜੀ ਨਾਲ ਵਾਰ ਕਰ ਕੇ ਉਸ ਨੂੰ ਅੱਧਮਰਿਆ ਕਰ ਦਿੱਤਾ। ਚੀਕਾਂ ਦੀ ਆਵਾਜ਼ ਸੁਣ ਕੇ ਮੁਹੱਲਾ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਮਾਮਲੇ ਸਬੰਧੀ ਜਾਣਕਾਰੀ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 6 ਦੇ ਇੰਚਾਰਜ ਅਮਰਜੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਲੜਕੀ ਨੂੰ ਆਪਣੀ ਸਰਕਾਰੀ ਗੱਡੀ ਵਿਚ ਬਿਠਾ ਕੇ ਹਸਪਤਾਲ 'ਚ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਕ ਲੜਕੀ ਦੀ ਹਾਲਤ ਨਾਜ਼ੁਕ ਹੈ।

ਥਾਣਾ ਡਵੀਜ਼ਨ ਨੰਬਰ 6 ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਔਰਤ ਦੇ ਪਤੀ ਨਿਊ ਸ਼ਿਮਲਾਪੁਰੀ ਵਾਸੀ ਗੁਰਦੀਪ ਸਿੰਘ ਦੇ ਬਿਆਨਾਂ 'ਤੇ ਕੋਟ ਮੰਗਲ ਸਿੰਘ ਦੇ ਰਹਿਣ ਵਾਲੇ ਕੁਲਵੰਤ ਸਿੰਘ ਖ਼ਿਲਾਫ਼ ਇਰਾਦਾ ਏ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿ ਮੁੱਢਲੀ ਤਫਤੀਸ਼ 'ਚ ਇਹ ਪਤਾ ਲੱਗਾ ਹੈ ਕਿ ਰੁਪਿੰਦਰ ਕੌਰ ਦੇ ਕੋਈ ਬੱਚਾ ਨਹੀਂ ਸੀ ਹੋ ਰਿਹਾ। ਇਸ ਗੱਲ ਨੂੰ ਲੈ ਕੇ ਰੁਪਿੰਦਰ ਕੌਰ ਦੇ ਸਹੁਰੇ ਅਤੇ ਪੇਕੇ ਪਰਿਵਾਰ ਵਿਚ ਕਲੇਸ਼ ਰਹਿੰਦਾ ਸੀ। ਗੁਰਦੀਪ ਸਿੰਘ ਮੁਤਾਬਕ ਕੁਝ ਦਿਨ ਪਹਿਲਾਂ ਉਸ ਦਾ ਸਹੁਰਾ ਕੁਲਵੰਤ ਸਿੰਘ ਬੇਟੀ ਰੁਪਿੰਦਰ ਕੌਰ ਨੂੰ ਆਪਣੇ ਘਰ ਲੈ ਗਿਆ।

ਦੇਰ ਰਾਤ ਲੜਕੀ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਮੁਹੱਲਾ ਵਾਸੀਆਂ ਨੂੰ ਇੰਜ ਜਾਪਿਆ ਕਿ ਜਿਵੇਂ ਕੁਲਵੰਤ ਸਿੰਘ ਨੇ ਆਪਣੀ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੋਵੇ।

ਪੁਲਿਸ ਮੁਤਾਬਕ ਗੁਆਂਢੀਆਂ ਨੇ ਕੁਲਵੰਤ ਸਿੰਘ ਨੂੰ ਕੁਹਾੜੀ ਨਾਲ ਆਪਣੀ ਬੇਟੀ 'ਤੇ ਵਾਰ ਕਰਦਿਆਂ ਵੇਖਿਆ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਖ਼ੂਨ ਨਾਲ ਲੱਥ-ਪਥ ਹੋਈ ਰੁਪਿੰਦਰ ਕੌਰ ਨੂੰ ਸੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ।