ਸੰਜੀਵ ਗੁਪਤਾ, ਜਗਰਾਓਂ

ਕਰੀਬ 1 ਮਹੀਨੇ ਤੋਂ ਮੰਗਾਂ ਨੂੰ ਲੈ ਕੇ ਹੜ੍ਹਤਾਲ 'ਤੇ ਬੈਠੇ ਜਗਰਾਓਂ ਨਗਰ ਕੌਂਸਲ ਦੇ ਸਫਾਈ ਕਾਮਿਆਂ ਦੇ ਹੱਕ ਵਿਚ ਅੱਜ ਚੌਂਕੀਮਾਨ ਟੋਲ ਪਲਾਜ਼ਾ ਤੋਂ ਕਿਸਾਨੀ ਮੋਰਚੇ ਦਾ ਇਕੱਠ ਹਮਾਇਤ ਵਿਚ ਉਤਰ ਆਇਆ। ਉਨ੍ਹਾਂ ਅੱਜ ਨਗਰ ਕੌਂਸਲ ਦਫ਼ਤਰ ਵਿਚ ਸਫਾਈ ਕਾਮਿਆਂ ਦੇ ਨਾਲ ਧਰਨੇ 'ਚ ਸ਼ਾਮਲ ਹੁੰਦਿਆਂ ਸੂਬਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਅਤੇੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਲਈ ਸ਼ਰਮ ਦੀ ਗੱਲ ਹੈ ਕਿ ਹੋਰਾਂ ਵਰਗਾਂ ਤੋਂ ਇਲਾਵਾ ਹੁਣ ਸਫਾਈ ਕਾਮੇ ਵੀ ਇਸ ਸਰਕਾਰ ਤੋਂ ਪਰੇਸ਼ਾਨ ਹੋ ਕੇ ਸੜਕਾਂ 'ਤੇ ਉਤਰੇ ਹਨ। ਅਜਿਹੀ ਸਰਕਾਰ ਜਿਸ ਖਿਲਾਫ ਸੈਂਕੜੇ ਵਰਗ ਸੰਘਰਸ਼ ਕਰ ਰਹੇ ਹਨ ਅਤੇ ਇਸ ਦੇ ਬਾਵਜੂਦ ਅੜੀਅਲ ਰਵੱਈਆ ਅਪਣਾਈ ਬੈਠੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ। ਇਸ ਸਮੇਂ ਸਫਾਈ ਸੇਵਕ ਜੱਥੇਬੰਦੀ ਦੇ ਆਗੂ ਅਰੁਣ ਗਿੱਲ ਨੇ ਕਿਹਾ ਕਿ ਸਫਾਈ ਕਾਮੇ ਸੰਘਰਸ਼ ਦੀ ਜਿੱਤ ਤਕ ਇਸੇ ਤਰ੍ਹਾਂ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਸਤਨਾਮ ਸਿੰਘ ਮੋਰਕਰੀਮਾ, ਅਵਤਾਰ ਸਿੰਘ ਰਸੂਲਪੁੁਰ, ਜਸਦੇਵ ਸਿੰਘ ਲਲਤੋਂ, ਬਲਵਿੰਦਰ ਸਿੰਘ ਕੋਠੇ ਪੋਨਾ, ਹਰੀ ਸਿੰਘ ਚਚਰਾੜੀ, ਅਜੀਤ ਸਿੰਘ, ਦਰਸ਼ਨ ਸਿੰਘ ਸੱਵਦੀ, ਬਲਵਿੰਦਰ ਸਿੰਘ ਬੱਬੀ ਆਦਿ ਹਾਜ਼ਰ ਸਨ।

--------