ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪਿਛਲੇ ਲੰਬੇ ਸਮੇਂ ਤੋ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਿਹਾ ਮੋਰਚਾ ਹੁਣ ਕਿਸਾਨ ਮੋਰਚਾ ਨਹੀਂ ਬਲਕਿ ਸਮੁੱਚੇ ਭਾਰਤ ਵਾਸੀਆਂ ਦਾ ਲੋਕ ਮੋਰਚਾ ਬਣ ਚੁੱਕਾ ਹੈ। ਕਿਸਾਨਾਂ ਦੇ ਨਾਲ-ਨਾਲ ਦੇਸ਼ ਅੰਦਰ ਵੱਸਦੇ ਵੱਖ-ਵੱਖ ਧਰਮਾਂ ਦੇ ਲੋਕ ਕੱਟੜਵਾਦੀ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕਰਨ ਲਈ ਸ਼ੰਘਰਸ਼ 'ਚ ਵੱਡੇ ਪੱਧਰ ਸ਼ਾਮਲ ਹੋ ਰਹੇ ਹਨ। ਇਹ ਪ੍ਰਗਟਾਵਾ ਲੋਕ ਅਧਿਕਾਰ ਪਾਰਟੀ ਪੰਜਾਬ ਦੇ ਪ੍ਰਮੁੱਖ ਆਗੂਆਂ ਬਲਵਿੰਦਰ ਸਿੰਘ, ਰੁਪਿੰਦਰ ਸਿੰਘ ਬਠਿੰਡਾ, ਹਰਬਖਸ਼ ਸਿੰਘ ਗਰੇਵਾਲ ਤੇ ਮਹਿੰਦਰ ਸਿੰਘ ਸੇਖੋਂ ਨੇ ਸਾਂਝੇ ਤੌਰ 'ਤੇ ਕੀਤਾ। ਉਹ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 94 ਦਿਨਾਂ ਤੋ ਲਗਾਏ ਮੋਰਚੇ 'ਚ ਹਾਜ਼ਰੀ ਭਰਨ ਪੁੱਜੇ ਸਨ।

ਲੋਕ ਅਧਿਕਾਰ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਜੇਕਰ ਦੇਸ਼ ਨੂੰ ਆਰਥਿਕ, ਰਾਜਨੀਤਕ ਤੇ ਸਮਾਜਿਕ ਤੌਰ 'ਤੇ ਬਚਾਉਣਾ ਹੈ ਤਾਂ ਦੇਸ਼ ਦੀ ਸੱਤਾ 'ਤੇ ਕਾਬਜ਼ ਕੱਟੜਵਾਦੀ ਸੋਚ ਦੇ ਧਾਰਨੀ ਆਗੂਆਂ ਅਤੇ ਪੂੰਜੀਵਾਦੀਆਂ ਦੇ ਖਿਲਾਫ ਸਾਨੂੰ ਪੂਰੀ ਇਕਜੁੱਟਤਾ ਨਾਲ ਆਪਣੀ ਆਵਾਜ਼ ਬੁਲੰਦ ਕਰ ਕੇ ਵੱਡਾ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਨਿਮਾਣਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਹਮੇਸ਼ਾ ਡੱਟ ਕੇ ਖੜ੍ਹੇ ਹਨ ਅਤੇ ਹਮੇਸ਼ਾਂ ਸ਼ਹਿਰੀ ਲੋਕਾਂ ਦੇ ਨਿੱਘੇ ਸਹਿਯੋਗ ਨਾਲ ਆਪਣੀ ਜ਼ੋਰਦਾਰ ਆਵਾਜ਼ ਕੇਂਦਰ ਸਰਕਾਰ ਖ਼ਿਲਾਫ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿਖੇ ਅਣਮਿੱਥੇ ਸਮੇਂ ਲਈ ਲਗਾਏ ਗਏ ਮੋਰਚੇ ਨੂੰ ਲੁਧਿਆਣਾ ਸ਼ਹਿਰ ਨਿਵਾਸੀਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਇੰਨਾਂ ਕਾਲੇ ਕਾਨੂੰਨਾਂ ਨਾਲ ਜਿਥੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਉਥੇ ਮਜ਼ਦੂਰ, ਛੋਟੇ ਦੁਕਾਨਦਾਰ ਤੇ ਸ਼ਹਿਰ ਦਾ ਗਰੀਬ ਵਰਗ ਵੀ ਇਸ ਦੀ ਲਪੇਟ 'ਚ ਆਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਬਲਕੌਰ ਸਿੰਘ, ਸੁਭਾਸ਼ ਚੰਦਰ, ਗੁਰਮੀਤ ਸਿੰਘ, ਜਸਪਾਲ ਸਿੰਘ ਸੈਣੀ, ਮਨਜੀਤ ਸਿੰਘ ਅਰੋੜਾ, ਬਿੱਟੂ ਭਾਟੀਆ, ਇੰਦਰਜੀਤ ਸਿੰਘ, ਰਜਿੰਦਰ ਸਿੰਘ ਰਾਜੂ,ਕੈਪਟਨ ਕੁਲਵੰਤ ਸਿੰਘ ਬਾੜੇਵਾਲ ਗੁਰਵਿੰਦਰ ਸਿੰਘ ਲਵਲੀ, ਅੰਮਿ੍ਤਪਾਲ ਸਿੰਘ, ਭੁਪਿੰਦਰ ਸਿੰਘ ਮੱਕੜ, ਅਮਨਦੀਪ ਸਿੰਘ ਸੁਨੇਤ ਆਦਿ ਹਾਜ਼ਰ ਸਨ।