ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਵਿਖੇ ਗਣਤੰਤਰ ਦਿਹਾੜੇ 'ਤੇ ਖੇਤੀ ਕਾਨੂੰਨ ਦੇ ਵਿਰੋਧ ਵਿਚ ਜਿੱਥੇ ਕਿਸਾਨਾਂ ਦੇ ਸੈਂਕੜੇ ਟਰੈਕਟਰਾਂ ਦੀ ਕਾਨਵਾਈ ਨੇ ਕੇਂਦਰ ਸਰਕਾਰ ਖਿਲਾਫ ਟਰੈਕਟਰ ਪਰੇਡ ਕੀਤੀ, ਉਥੇ ਸੈਂਕੜਿਆਂ ਦੀ ਗਿਣਤੀ 'ਚ ਬੀਬੀਆਂ ਨੇ ਸੜਕਾਂ 'ਤੇ ਉਤਰਦਿਆਂ ਰੋਸ ਮਾਰਚ ਰਾਹੀਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ।

ਇਸ ਤੋਂ ਪਹਿਲਾਂ ਸਥਾਨਕ ਰੇਲਵੇ ਸਟੇਸ਼ਨ ਕਮੇਟੀ ਪਾਰਕ 'ਚ ਪਿ੍ਰੰਸੀਪਲ ਦਲਜੀਤ ਕੌਰ ਹਠੂਰ ਦੀ ਅਗਵਾਈ ਵਿਚ ਵੈਲਨੈਸ ਸੈਂਟਰ ਦੀਆਂ ਬੱਚੀਆਂ ਨੇ 'ਉਠ ਕਿਰਤੀਆਂ ਜਾਗ ਬਈ ਹੁਣ ਜਾਗੋ ਆਈ ਆ' ਦਾ ਹੋਕਾ ਦਿੰਦਿਆਂ ਸੰਘਰਸ਼ ਦੇ ਜਿੱਤ ਲਈ ਹਰ ਇੱਕ ਨਾਗਰਿਕ ਨੂੰ ਜਾਗਣ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਟਰੈਕਟਰ ਮਾਰਚ ਸ਼ੁਰੂ ਹੋਇਆ ਜੋ ਰੇਲਵੇ ਰੋਡ ਤੋਂ ਲਾਜਪਤ ਰਾਏ ਰੋਡ, ਕਮਲ ਚੌਂਕ, ਤਹਿਸੀਲ ਰੋਡ, ਕੱਚਾ ਮਲਕ ਰੋਡ ਤੋਂ ਹੁੰਦਾ ਹੋਇਆ ਵਾਪਸ ਰੇਲਵੇ ਸਟੇਸ਼ਨ ਪੁੱਜਾ। ਇਸੇ ਤਰ੍ਹਾਂ ਬੀਬੀਆਂ ਦੇ ਵਡੇ ਇਕੱਠ ਨੇ ਰੋਸ ਮਾਰਚ ਰਾਹੀਂ ਸ਼ਹਿਰ ਦੀਆਂ ਵੱਖ ਵੱਖ ਸੜਕਾਂ 'ਤੇ ਰੋਸ ਪ੍ਰ੍ਗਟਾਉਂਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕੰਵਲਜੀਤ ਖੰਨਾ, ਜਸਵੰਤ ਜ਼ੀਰਕ, ਕਵਿਤਾ ਕੱਕੜ, ਦੇਸ਼ ਰਾਜ ਕਮਾਲਪੁਰਾ, ਸੁਖਦੇਵ ਸਿੰਘ ਗਾਲਿਬ, ਅਵਤਾਰ ਸਿੰਘ ਗਿੱਲ, ਮਨਜੀਤ ਕੌਰ, ਲਖਵੀਰ ਸਿੰਘ ਸਿੱਧੂ, ਜੈਸਮੀਨ ਰੂਮੀ ਆਦਿ ਹਾਜ਼ਰ ਸਨ।