ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਪਿੰਡ ਰੋੜੀਆਂ ਦੇ ਜ਼ਮੀਨੀ ਵਿਵਾਦ ਵਿਚ ਟੈਂਕੀ ਕਾਂਡ ਅਤੇ ਦਾਣਾ ਮੰਡੀ ਮਲੌਦ ਦੀ ਹਿੰਸਕ ਝੜਪ ਤੋਂ ਬਾਅਦ ਜ਼ਮੀਨ 'ਤੇ ਕਾਬਜ਼ ਪਰਿਵਾਰ ਨੇ ਵੀਡੀਓ ਜਾਰੀ ਕਰ ਕੇ ਖ਼ੁਦਕੁਸ਼ੀ ਦੀ ਧਮਕੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਇਸ ਮਾਮਲੇ ਵਿਚ ਪੁਲਿਸ 'ਤੇ ਧੱਕੇਸ਼ਾਹੀ ਦੇ ਦੋਸ਼ ਲਾ ਕੇ ਦਲਜੀਤ ਸਿੰਘ, ਉਸ ਦੀ ਪਤਨੀ ਹਰਮੀਤ ਕੌਰ ਆਪਣੇ ਨਾਬਾਲਿਗ ਬੱੱਚਿਆਂ ਸਮੇਤ ਟੈਂਕੀ 'ਤੇ ਚੜ੍ਹੇ ਸਨ।

ਇਸੇ ਮਾਮਲੇ ਵਿਚ ਦਾਣਾ ਮੰਡੀ ਮਲੌਦ ਵਿਚ 'ਲੋਕ ਜਗਾਓ ਮੰਚ' ਨੇ ਗੁਰਦੀਪ ਸਿੰਘ ਕਾਲੀ ਦੀ ਅਗਵਾਈ ਵਿਚ ਧਰਨਾ ਦਿੱਤਾ ਸੀ। ਇਸ ਦੌਰਾਨ ਸਥਾਨਕ ਕਾਂਗਰਸੀ ਆਗੂਆਂ ਨਾਲ ਧਰਨਾਕਾਰੀਆਂ ਦੀ ਹੋਈ ਖੂਨੀ ਝੜਪ ਹੋਈ ਤਾਂ ਦੋਵਾਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋਏ ਸਨ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ।

ਐਤਵਾਰ ਨੂੰ ਪਰਿਵਾਰ ਨੇ ਵੀਡੀਓ ਜਾਰੀ ਕਰ ਕੇ ਖ਼ੁਦਕੁਸ਼ੀ ਦੀ ਧਮਕੀ ਦਿੱਤੀ ਹੈ। ਵੀਡੀਓ ਵਿਚ ਦਲਜੀਤ ਦੀ ਪਤਨੀ ਤੇਲ ਦੀ ਕੈਨੀ ਲੈ ਕੇ ਖੜ੍ਹੀ ਹੈ ਤੇ ਪਰਿਵਾਰਕ ਮੈਂਬਰ ਕਰਮਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ 16 ਮਈ ਨੂੰ ਧਰਨੇ ਦੌਰਾਨ ਉਨ੍ਹਾਂ 'ਤੇ ਹਮਲਾ ਕਰਨ ਵਾਲਿਆਂ ਨੂੰ ਵਿਧਾਇਕ ਲਖਵੀਰ ਸਿੰਘ ਲੱਖਾ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਸ਼ਹਿ ਦਿੱਤੀ ਹੈ ਤੇ ਉਨ੍ਹਾਂ 'ਤੇ ਪਰਚਾ ਪਾਉਣ ਬਾਰੇ ਕਿਹਾ ਜਾ ਰਿਹਾ ਹੈ।

ਉਨ੍ਹਾਂ ਨੇ ਵੀਡੀਓ ਵਿਚ ਧਮਕੀ ਦਿੱਤੀ ਕਿ ਜੇ ਉਨ੍ਹਾਂ ਦੇ ਪਰਿਵਾਰ 'ਤੇ ਪਰਚਾ ਦਰਜ ਹੋਇਆ ਜਾਂ ਹਮਲਾ ਕਰਨ ਵਾਲਿਆਂ ਦੀ ਗਿ੍ਫਤਾਰੀ ਨਾ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਤੇਲ ਪਾ ਕੇ ਆਤਮ-ਹੱਤਿਆ ਕਰੇਗਾ, ਜਿਸ ਦੀ ਜ਼ਿੰਮੇਵਾਰੀ ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਐੱਸਐੱਸਪੀ ਖੰਨਾ ਤੇ ਡੀਐੱਸਪੀ ਪਾਇਲ ਦੀ ਹੋਵੇਗੀ।