ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿਚ ਕਰਫਿਊ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਰੋਅਬ ਝਾੜਨ ਵਾਲੇ ਇਕ ਫਰਜ਼ੀ ਪੁਲਸ ਅਧਿਕਾਰੀ ਨੂੰ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਬਚਨ ਕਾਲੋਨੀ ਸਰਪੰਚ ਕਾਲੋਨੀ ਵਾਸੀ ਸੁਖਜਿੰਦਰ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਸੁਖਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਏਐੱਸਆਈ ਮੇਵਾ ਰਾਮ ਨੇ ਦੱਸਿਆ ਕਿ ਉਹ ਕਰਫਿਊ ਦੌਰਾਨ ਰਾਤ ਪੌਣੇ 9 ਵਜੇ ਦੇ ਕਰੀਬ ਮੱਛੀ ਮਾਰਕੀਟ ਸ਼ੇਰਪੁਰ ਕਲਾਂ ਵਿਚ ਮੌਜੂਦ ਸੀ। ਇਸੇ ਦੌਰਾਨ ਖਾਕੀ ਪੱਗ ਨੀਲੀ ਫਿਫਟੀ ਚੈੱਕਦਾਰ ਕਮੀਜ਼, ਖਾਕੀ ਪੈਂਟ ਅਤੇ ਲਾਲ ਬੂਟ ਪਾ ਕੇ ਇਕ ਵਿਅਕਤੀ ਉਨ੍ਹਾਂ ਕੋਲ ਆਇਆ, ਜਿਸ ਨੇ ਮੇਵਾ ਸਿੰਘ ਸਮੇਤ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਸਹੀ ਢੰਗ ਨਾਲ ਕਰਫਿਊ ਦੌਰਾਨ ਡਿਊਟੀ ਕਰਨ ਬਾਰੇ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਰੋਹਬ ਮਾਰਦਿਆਂ ਉਸ ਵਿਅਕਤੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਸਹੀ ਢੰਗ ਨਾਲ ਡਿਊਟੀ ਨਾ ਕੀਤੀ ਤਾਂ ਨਤੀਜੇ ਮਾੜੇ ਭੁਗਤਣੇ ਪੈਣਗੇ।

ਏਐੱਸਆਈ ਮੇਵਾ ਸਿੰਘ ਨੇ ਜਦ ਉਸ ਵਿਅਕਤੀ ਦੀ ਪਛਾਣ ਪੁੱਛੀ ਤਾਂ ਉਸ ਨੇ ਦੱਸਿਆ ਕਿ ਉਹ ਆਰਮਡ ਪੁਲਿਸ ਜਲੰਧਰ ਵਿਚ ਤਾਇਨਾਤ ਹੈ। ਆਈ ਕਾਰਡ ਬਾਰੇ ਪੁੱਛਣ 'ਤੇ ਉਸ ਨੇ ਕਿਹਾ ਕਿ ਉਸ ਦਾ ਕਾਰਡ ਜਲੰਧਰ ਵਿਚ ਹੀ ਹੈ। ਬਟਾਲੀਅਨ ਬਾਰੇ ਪੁੱਛਣ 'ਤੇ ਮੁਲਜ਼ਮ ਸਹੀ ਜਵਾਬ ਨਾ ਦੇ ਸਕਿਆ। ਪੁਲਿਸ ਪਾਰਟੀ ਨੇ ਜਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਵਿਅਕਤੀ ਪੁਲਿਸ ਅਧਿਕਾਰੀ ਨਹੀਂ ਸੀ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਲਜ਼ਮ ਸੁਖਜਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।