ਸੰਜੀਵ ਗੁਪਤਾ, ਜਗਰਾਓਂ

ਚਾਹੇ ਅਕਸਰ 'ਨੀਮ ਹਕੀਮ ਖ਼ਤਰਾ-ਏ-ਜਾਨ ਦੱਸਿਆ ਜਾਂਦਾ ਹੈ ਪਰ ਅਜਿਹੇ ਨੀਮ ਹਕੀਮਾਂ ਲਈ ਜਗਰਾਓਂ ਦੇ ਐੱਸਡੀਐੱਮ ਦਫ਼ਤਰ ਵਿਚ ਸਵਾਗਤ ਹੈ। ਇਹੀ ਨਹੀਂ ਐੱਸਡੀਐੱਮ ਦਫ਼ਤਰ ਵਿਚ ਇਹ ਝੋਲਾਛਾਪ ਆਪਣੀ ਦੁਕਾਨਦਾਰੀ ਲਗਾ ਕੇ ਇੱਕੋ ਪਤੀਲੇ ਵਿਚ ਪਾਈ ਦਵਾਈ ਨੁਮਾ ਕਾੜੇ ਨਾਲ ਦਰਜਨਾਂ ਬਿਮਾਰੀਆਂ ਛੂ ਮੰਤਰ ਕਰਨ ਦਾ ਦਾਅਵਾ ਕਰਦਾ ਹੈ। ਐੱਸਡੀਐੱਮ ਦਫ਼ਤਰ ਵਿਚ ਇਸ ਕਾੜੇ ਨਾਲ ਬਿਮਾਰੀਆਂ ਨੂੰ ਖ਼ਤਮ ਕਰਨ ਦੇ ਉੱਚੀਂ ਉੱਚੀਂ ਹੋਕੇ ਲਾਉਂਦਾ ਹੋਇਆ ਜਨਤਾ ਤੋਂ ਮਿੰਟੋ ਮਿੰਟੀ 100-100 ਦੇ ਨੋਟਾਂ ਨਾਲ ਜੇਬ ਭਰਾ ਲੈਂਦਾ ਹੈ।

ਸ਼ੁੱਕਰਵਾਰ ਨੂੰ ਸਥਾਨਕ ਐੱਸਡੀਐੱਮ ਦਫ਼ਤਰ ਦੇ ਗੇਟ ਦਾਖਲ ਹੁੰਦੇ ਹੀ ਖੱਬੇ ਹੱਥ ਝੋਲਾ ਛਾਪ ਨੀਮ ਹਕੀਮ ਡੇਰਾ ਲਾਈ ਬੈਠਾ ਸੀ। ਕੜਕਵੀਂ ਆਵਾਜ਼ ਵਿਚ ਇਹ ਵਿਅਕਤੀ ਇਕ ਪਤੀਲੇ ਵਿਚ ਦਵਾਈ ਨੁਮਾ ਕਾੜੇ ਨੂੰ ਵਾਰ ਵਾਰ ਲੱਕੜ ਦੀ ਕੜਛੀ ਨਾਲ ਹਿਲਾਉਂਦਾ ਹੋਇਆ ਇੱਕੋ ਸਾਹ ਵਿਚ ਦਰਜਨਾਂ ਬਿਮਾਰੀਆਂ ਨੂੰ ਗਿਣਾਉਂਦਾ ਹੋਇਆ ਫੇਰ ਉਨ੍ਹਾਂ ਨੂੰ ਛੂ ਮੰਤਰ ਦਾ ਦਾਅਵਾ ਕਰਦਾ ਹੈ। ਜਿਸ ਦੀ ਉੱਚੀਂ ਆਵਾਜ਼ ਸੁਣ ਕੇ ਜਨਤਾ ਦਾ ਇਕੱਠ ਆਲੇ ਦੁਆਲੇ ਲੱਗ ਜਾਂਦਾ ਹੈ ਅਤੇ ਇਸ ਇਕੱਠ ਵਿੱਚੋਂ ਕਈ ਵਿਅਕਤੀ ਉਸ ਦੀਆਂ ਗੱਲਾਂ ਵਿਚ ਆ ਕੇ ਕਾੜਾ ਖ਼ਰੀਦ ਲੈਂਦੇ ਹਨ ਪਰ ਬਿਨ੍ਹਾਂ ਕਿਸੇ ਮਾਨਤਾ ਦੇ ਇਸ ਨੀਮ ਹਕੀਮ ਵੱਲੋਂ ਜਨਤਾ ਦੀ ਕੀਤੀ ਜਾ ਰਹੀ ਲੁੱਟ ਦੀ ਪ੍ਰਸ਼ਾਸਨਕ ਅਧਿਕਾਰੀ 'ਤੇ ਨਜ਼ਰ ਨਾ ਪਈ, ਜਿਸ ਕਾਰਨ ਸ਼ਾਮ ਤਕ ਇਸ ਸ਼ਖ਼ਸ ਦੀ ਦੁਕਾਨਦਾਰੀ ਚੋਖੀ ਚੱਲਦੀ ਰਹੀ।