ਆਸ਼ਾ ਮਹਿਤਾ, ਲੁਧਿਆਣਾ : ਹੁਣ ਹਲਵਾਈਆਂ ਨੂੰ ਮਠਿਆਈਆਂ 'ਤੇ 'ਡੇਟ ਆਫ ਮੈਨੂਫੈਕਚਰਿੰਗ' ਦੇ ਨਾਲ-ਨਾਲ 'ਬੈਸਟ ਬਿਫੋਰ ਡੇਟ' ਜਾਣਕਾਰੀ ਵੀ ਦੇਣੀ ਪਵੇਗੀ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ (ਐੱਫਐੱਸਐੱਸਏਆਈ) ਦੇ ਇਸ ਬਾਰੇ ਜਾਰੀ ਕੀਤੇ ਗਏ ਨਵੇਂ ਹੁਕਮਾਂ ਤੋਂ ਬਾਅਦ ਮਠਿਆਈ ਕਾਰੋਬਾਰੀਆਂ 'ਚ ਖਲਬਲੀ ਮਚ ਗਈ ਹੈ। ਹਲਵਾਈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਕਤ ਹੁਕਮ ਲਾਗੂ ਹੋਣ ਨਾਲ ਉਨ੍ਹਾਂ ਦਾ ਧੰਦਾ ਚੌਪਟ ਹੋ ਜਾਵੇਗਾ। ਖਾਸ ਕਰ ਕੇ ਛੋਟੇ ਕਾਰੋਬਾਰੀ ਦੁਕਾਨਾਂ ਬੰਦ ਕਰਨ ਲਈ ਮਜਬੂਰ ਹੋ ਜਾਣਗੇ। ਐੱਫਐੱਸਐੱਸਏਆਈ ਦੇ ਇਹ ਹੁਕਮ 1 ਜੂਨ 2020 ਤੋਂ ਲਾਗੂ ਹੋਣਗੇ। ਸਾਫ ਹੈ ਕਿ ਇਕ ਜੂਨ ਤੋਂ ਬਾਅਦ ਕੋਈ ਵੀ ਮਠਿਆਈ ਬਿਨਾਂ ਉਕਤ ਜਾਣਕਾਰੀ ਦੇ ਨਹੀਂ ਵਿਕ ਸਕੇਗੀ। ਇਨ੍ਹਾਂ ਹੁਕਮਾਂ ਸਬੰਧੀ ਜਲਦੀ ਹੀ ਪੰਜਾਬ ਹਲਵਾਈ ਐਸੋਸੀਏਸ਼ਨ ਦਾ ਵਫਦ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ ਤੇ ਪੂਰੇ ਤਰਕਾਂ ਸਣੇ ਆਪਣੀ ਗੱਲ ਰੱਖੇਗਾ।

ਐੱਫਐੱਸਐੱਸਏਆਈ ਵੱਲੋਂ 24 ਫਰਵਰੀ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹਰੇਕ ਮਠਿਆਈ ਕਾਰੋਬਾਰੀ ਨੂੰ ਪੈਕਿੰਗ ਮਠਿਆਈਆਂ 'ਤੇ ਉਕਤ ਤਰੀਕਾਂ ਅੰਕਿਤ ਕਰਵਾਉਣੀਆਂ ਹੋਣਗੀਆਂ, ਜਦਕਿ ਖੁੱਲ੍ਹੀਆਂ ਮਠਿਆਈਆਂ ਦੇ ਮਾਮਲੇ 'ਚ ਟ੍ਰੇਆਂ ਜਾਂ ਕੰਟੇਨਰਾਂ ਦੇ ਬਾਹਰ ਤਰੀਕਾਂ ਲਿਖਣੀਆਂ ਹੋਣਗੀਆਂ। ਇਨ੍ਹਾਂ ਹੁਕਮਾਂ ਪਿੱਛੇ ਐੱਫਐੱਸਐੱਸਏਆਈ ਦਾ ਤਰਕ ਹੈ ਕਿ ਬਾਜ਼ਾਰਾਂ 'ਚ ਮਿਆਦ ਪੁੱਗੀਆਂ ਮਠਿਆਈਆਂ ਵਿਕ ਰਹੀਆਂ ਹਨ, ਜੋ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਹਨ।

ਲੁਧਿਆਣਾ 'ਚ 250 ਤੇ ਪੰਜਾਬ 2500 ਤੋਂ ਵੱਧ ਮਠਿਆਈ ਦੀਆਂ ਦੁਕਾਨਾਂ

ਜਾਣਕਾਰੀ ਅਨੁਸਾਰ ਲੁਧਿਆਣਾ 'ਚ 250 ਦੇ ਕਰੀਬ ਮਠਿਆਈ ਦੀਆਂ ਛੋਟੀਆਂ-ਵੱਡੀਆਂ ਦੁਕਾਨਾਂ ਹਨ, ਜਦਕਿ ਪੰਜਾਬ 'ਚ 2500 ਤੋਂ ਵੱਧ ਮਠਿਆਈ ਦੀਆਂ ਦੁਕਾਨਾਂ ਹਨ। ਜਾਣਕਾਰੀ ਮੁਤਾਬਕ ਜ਼ਿਆਦਾਤਰ ਮਠਿਆਈ ਵਪਾਰੀ ਮਠਿਆਈ ਦੀ ਮਿਆਦ ਬਾਰੇ ਜਾਣਕਾਰੀ ਨਹੀਂ ਲਿਖਦੇ, ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਉਠਾਉਣਾ ਪੈਂਦਾ ਹੈ।


ਐੱਫਐੱਸਐੱਸਏਆਈ ਦੇ ਹੁਕਮ ਗਾਹਕਾਂ ਦੇ ਹਿੱਤ 'ਚ : ਡੀਐੱਚਓ

ਉਧਰ ਡੀਐੱਚਓ ਡਾ. ਅੰਦੇਸ਼ ਕੰਗ ਨੇ ਕਿਹਾ ਕਿ ਐੱਫਐੱਸਐੱਸਏਆਈ ਦੇ ਇਹ ਹੁਕਮ ਹਾਲੇ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋਏ ਹਨ ਪਰ ਜੇਕਰ ਇਸ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਇਹ ਗਾਹਕਾਂ ਦੇ ਹਿੱਤ 'ਚ ਹਨ। ਇਸ ਨਾਲ ਗਾਹਕਾਂ ਨੂੰ ਵਧੀਆ ਮਠਿਆਈ ਮਿਲੇਗੀ। ਹੁਕਮਾਂ ਨੂੰ ਅਮਲ 'ਚ ਲਿਆਂਦਾ ਜਾਵੇਗਾ।

ਹੁਕਮ ਜਾਰੀ ਕਰਨ ਤੋਂ ਪਹਿਲਾਂ ਲੈਣੀ ਚਾਹੀਦੀ ਸੀ ਫੀਡਬੈਕ : ਨਰਿੰਦਰਪਾਲ ਸਿੰਘ

ਹਲਵਾਈ ਐਸੋਸੀਏਸ਼ਨ ਪੰਜਾਬ ਦੇ ਪ੍ਰੈਜ਼ੀਡੈਂਟ ਨਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਐੱਫਐੱਸਐੱਸਏਆਈ ਦੇ ਇਨ੍ਹਾਂ ਹੁਕਮਾਂ ਨਾਲ ਛੋਟੇ ਦੁਕਾਨਦਾਰ ਪ੍ਰਭਾਵਿਤ ਹੋਣਗੇ। ਵੱਡੇ ਵਪਾਰੀ ਤਾਂ ਹੁਕਮਾਂ ਦੀ ਪਾਲਣਾ ਕਰ ਲੈਣਗੇ। ਐੱਫਐੱਸਐੱਸਏਆਈ ਨੂੰ ਹੁਕਮ ਜਾਰੀ ਕਰਨ ਤੋਂ ਪਹਿਲਾਂ ਫੂਡ ਬਿਜਨੈੱਸ ਆਪ੍ਰੇਟਰਾਂ ਨਾਲ ਮੀਟਿੰਗ ਕਰ ਕੇ ਫੀਡਬੈਕ ਲੈਣੀ ਚਾਹੀਦੀ ਸੀ।


ਅਸੀਂ ਹਮੇਸ਼ਾ ਕੁਆਲਿਟੀ 'ਤੇ ਫੋਕਸ ਕੀਤਾ ਹੈ। ਪੈਕਿੰਗ ਵਾਲੀਆਂ ਮਠਿਆਈਆਂ ਦੇ ਤਿਆਰ ਕਰਨ ਤੇ ਇਨ੍ਹਾਂ ਦੀ ਮਿਆਦ ਦੀ ਤਰੀਕ ਦਰਜ ਕੀਤੀ ਜਾਂਦੀ ਹੈ। ਹੁਣ ਐੱਫਐੱਸਐੱਸਏਆਈ ਖੁੱਲ੍ਹੀਆਂ ਮਠਿਆਈਆਂ ਦੀ ਟ੍ਰੇ ਜਾਂ ਕੰਟੇਨਰ 'ਤੇ ਵੀ ਤਰੀਕਾਂ ਲਿਖਣ ਨੂੰ ਜ਼ਰੂਰੀ ਕਰ ਰਿਹਾ ਹੈ, ਜੋ ਕਿ ਸੰਭਵ ਨਹੀਂ ਹੈ। ਸਰਕਾਰ ਨੂੰ ਇਸ ਸਬੰਧੀ ਕਾਰੋਬਾਰੀਆਂ ਨਾਲ ਸਲਾਹ ਕਰ ਕੇ ਫੈਸਲਾ ਲੈਣਾ ਚਾਹੀਦਾ ਹੈ। -ਵਿਪਨ ਜੈਨ, ਸ਼ਰਮਨ ਜੈਨ ਸਵੀਟਸ

Posted By: Seema Anand