ਪੱਤਰ ਪ੍ਰਰੇਰਕ, ਲੁਧਿਆਣਾ : ਕਣਕ 'ਚ ਗੁੱਲੀ ਡੰਡੇ ਦੀ ਰੋਕਥਾਮ ਲਈ ਜ਼ਿਆਦਾਤਰ ਨਦੀਨ-ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਬੰਧੀ ਪੀਏਯੂ ਦੇ ਸੀਨੀਅਰ ਫ਼ਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨਾਂ 'ਚ ਕਿਸਾਨਾਂ ਦੇ ਖੇਤਾਂ 'ਚ ਕੀਤੇ ਨਿਰੀਖਣ 'ਚ ਕਣਕ ਦੀ ਫ਼ਸਲ 'ਤੇ ਨਦੀਨ-ਨਾਸ਼ਕਾਂ ਦਾ ਮਾੜਾ ਅਸਰ ਦੇਖਣ ਨੂੰ ਮਿਲਿਆ ਹੈ। ਨਦੀਨ-ਨਾਸ਼ਕਾਂ ਦੇ ਜ਼ਿਆਦਾ ਅਸਰ ਵਾਲੇ ਖੇਤਾਂ ਵਿੱਚ ਜਾਂ ਤਾਂ ਨਦੀਨ-ਨਾਸ਼ਕਾਂ ਦੀ ਵਰਤੋਂ ਸਿਫਾਰਿਸ਼ ਤੋਂ ਵੱਧ ਵਰਤੀ ਗਈ ਹੈ, ਇੱਕੋ ਖੇਤ 'ਚ ਇਕ ਤੋਂ ਵੱਧ ਵਾਰ ਸਪਰੇਅ ਕੀਤਾ ਗਿਆ ਹੈ, ਸਪਰੇਅ ਸਹੀ ਸਮੇਂ 'ਤੇ ਜਾਂ ਸਹੀ ਢੰਗ ਨਾਲ ਨਹੀਂ ਹੋਇਆ। ਕਣਕ ਦੀ ਫ਼ਸਲ 'ਤੇ ਨਦੀਨ-ਨਾਸ਼ਕਾਂ ਦੀ ਵਰਤੋਂ ਦਾ ਸਭ ਤੋਂ ਵੱਧ ਲਾਭ ਉਦੋਂ ਹੁੰਦਾ ਹੈ ਜਦੋਂ ਫ਼ਸਲ 30 ਤੋਂ 35 ਦਿਨਾਂ ਦੀ ਹੋਵੇ। ਉਨ੍ਹਾਂ ਕਿਹਾ ਕਿ ਇਸ ਮੌਕੇ ਫ਼ਸਲ ਉਪਰ ਜੇਕਰ ਨਦੀਨਨਾਸ਼ਕਾਂ ਦਾ ਮਾੜਾ ਅਸਰ ਹੋ ਵੀ ਜਾਵੇ ਤਾਂ ਵੀ ਠੀਕ ਹੋ ਜਾਂਦੀ ਹੈ। ਦੀਨ-ਨਾਸ਼ਕਾਂ ਦੀ ਸਪਰੇ ਤੋਂ ਬਾਅਦ ਜੇਕਰ ਦਿਨ ਸਮੇਂ ਚੰਗੀ ਧੁੱਪ ਹੋਵੇ ਤਾਂ ਨਦੀਨਾਂ ਤੇ ਜ਼ਿਆਦਾ ਅਸਰ ਹੁੰਦਾ ਹੈ ਤੇ ਫ਼ਸਲ ਵੀ ਨਦੀਨ-ਨਾਸ਼ਕ ਦੇ ਮਾੜੇ ਅਸਰ ਤੋਂ ਬਹੁਤ ਜਲਦ ਠੀਕ ਹੋ ਜਾਂਦੀ ਹੈ। ਨਦੀਨ-ਨਾਸ਼ਕਾਂ ਦੀ ਸਿਫ਼ਾਰਿਸ਼ ਕੀਤੀ ਮਾਤਰਾ ਨੂੰ 150 ਲਿਟਰ ਪਾਣੀ 'ਚ ਘੋਲ ਕੇ ਫਲੈਟ ਫੈਨ ਨੋਜ਼ਲ ਵਰਤ ਕੇ ਅਤੇ ਖੇਤ 'ਚ ਇਕ ਸਾਰ ਸਪਰੇਅ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਮੈਟਰੀਬੂਜ਼ਿਨ ਤੱਤ ਵਾਲੇ ਨਦੀਨਨਾਸ਼ਕ ਜਿਵੇਂ ਕਿ ਸ਼ਗੁਨ, ਏਸੀਐੱਮ-9 ਅਤੇ ਹੋਰ ਨਦੀਨ-ਨਾਸ਼ਕ ਜਿਵੇਂ ਕਿ ਐਟਲਾਂਟਿਸ ਦੀ ਵਰਤੋਂ ਕਣਕ ਦੀ ਫਸਲ ਉੱਪਰ ਪਹਿਲੇ ਪਾਣੀ ਤੋਂ ਪਹਿਲਾਂ ਕੀਤੀ ਜਾਵੇ ਤਾਂ ਇਹ ਨਦੀਨ-ਨਾਸ਼ਕ ਕਣਕ ਤੇ ਬਹੁਤ ਮਾੜਾ ਅਸਰ ਪਾ ਸਕਦੇ ਹਨ ਤੇ ਕਈ ਹਾਲਤਾਂ 'ਚ ਕਣਕ ਦੀ ਪੂਰੀ ਫ਼ਸਲ ਖ਼ਰਾਬ ਹੋ ਸਕਦੀ ਹੈ। ਇਨ੍ਹਾਂ ਨਦੀਨ-ਨਾਸ਼ਕਾਂ ਦੀ ਵਰਤੋਂ ਖੇਤ ਵੱਤਰ ਆਉਣ 'ਤੇ ਹੀ ਕਰੋ ਕਿਉਂਕਿ ਜ਼ਿਆਦਾ ਨਮੀ ਵਾਲੇ ਖੇਤਾਂ 'ਚ ਵਰਤੋਂ ਕਰਨ ਨਾਲ ਵੀ ਫਸਲ 'ਤੇ ਮਾੜਾ ਅਸਰ ਹੋ ਸਕਦਾ ਹੈ। ਇਸੇ ਤਰ੍ਹਾਂ ਨਦੀਨ-ਨਾਸ਼ਕਾਂ ਦੀ ਵਰਤੋਂ ਜ਼ਿਆਦਾ ਦੇਰੀ ਨਾਲ ਕਰਨ ਨਾਲ ਵੀ ਕਣਕ ਦੀ ਫਸਲ਼ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਨਦੀਨ-ਨਾਸ਼ਕ ਕਣਕ ਦੇ ਪੱਤਿਆਂ ਉਪਰ ਹੀ ਡਿੱਗਦਾ ਹੈ। ਇਸੇ ਤਰ੍ਹਾਂ ਨਦੀਨ-ਨਾਸ਼ਕਾਂ ਦੀ ਸਪਰੇਅ ਗੰਨ ਸਪਰੇਅਰ ਦੀ ਵਰਤੋਂ ਕਰ ਕੇ ਜਾਂ ਯੂਰੀਏ ਵਿੱਚ ਰਲਾ ਕੇ ਛੱਟਾ ਦੇਣ ਨਾਲ ਸਾਰੇ ਖੇਤ 'ਚ ਇਕ ਸਾਰ ਨਹੀਂ ਹੁੰਦੀ ਅਤੇ ਇਸ ਤਰ੍ਹਾਂ ਕਰਨ ਨਾਲ ਨਾ ਤਾਂ ਨਦੀਨਾਂ ਦੀ ਚੰਗੀ ਰੋਕਥਾਮ ਹੁੰਦੀ ਹੈ ਅਤੇ ਦਜਾ ਫ਼ਸਲ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਅਤੇ ਝਾੜ ਘੱਟ ਜਾਂਦਾ ਹੈ। ਡਾ. ਭੁੱਲਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਹੜੇ ਨਦੀਨ-ਨਾਸ਼ਕਾਂ ਨੇ ਪਿਛਲੇ ਸਾਲਾਂ ਵਿੱਚ ਚੰਗਾ ਅਸਰ ਨਹੀਂ ਕੀਤਾ ਉਨ੍ਹਾਂ ਦੀ ਵਰਤੋਂ ਇਸ ਸਾਲ ਨਾ ਕੀਤੀ ਜਾਵੇ ਅਤੇ ਨਵੇਂ ਨਦੀਨ-ਨਾਸ਼ਕ ਵਰਤੇ ਜਾਣ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਨਦੀਨ-ਨਾਸ਼ਕਾਂ ਦੇ ਨਾਲ-ਨਾਲ ਝੋਨੇ ਦੇ ਖੜ੍ਹੇ ਨਾੜ 'ਚ ਹੈੱਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ਜਾਂ ਹੱਥ ਨਾਲ ਚੱਲਣ ਵਾਲੀ ਤਿ੍ਫਾਲੀ ਨਾਲ ਗੋਡੀ ਕੀਤੀ ਹੈ, ਉਨ੍ਹਾਂ ਦੇ ਖੇਤਾਂ 'ਚ ਨਦੀਨਾਂ ਦੀ ਰੋਕਥਾਮ ਹੈ ਅਤੇ ਕਣਕ ਦੀ ਫਸਲ ਵੀ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਰਫ ਨਦੀਨ-ਨਾਸ਼ਕਾਂ ਤੇ ਨਿਰਭਰ ਰਹਿਣ ਦੀ ਥਾਂ ਕਾਸ਼ਤਕਾਰੀ ਦੇ ਹੋਰਨਾਂ ਢੰਗਾਂ ਦੀ ਵਰਤੋਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।