ਲੁਧਿਆਣਾ, ਜੇਐਨਐਨ : ਸਟੀਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਉਦਯੋਗਪਤੀ ਪ੍ਰੇਸ਼ਾਨ ਹਨ। ਇਸ ਸਬੰਧੀ ਗਿੱਲ ਰੋਡ ’ਤੇ ਸਥਿਤ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਦੇ ਬਾਹਰ ਉੱਦਮੀਆਂ ਦੀ ਗਾਂਧੀਗਿਰੀ ਸੱਤਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਰਾਮ ਚੰਦਰ ਪ੍ਰਸਾਦ ਸਿੰਘ ਦੇ ਪੋਸਟਰ ਲਗਾ ਕੇ ਗੁੱਸੇ ਦਾ ਪ੍ਰਦਰਸ਼ਨ ਕੀਤਾ ਗਿਆ। ਉੱਦਮੀਆਂ ਨੇ ਭਾਜਪਾ ਆਗੂਆਂ ਦੀ ਆਰਤੀ ਵੀ ਕੀਤੀ।

ਯੂਸੀਪੀਐਮਏ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ, ਸਨਅਤਕਾਰ ਚਰਨਜੀਤ ਸਿੰਘ ਵਿਸ਼ਵਕਰਮਾ ਅਤੇ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਲਗਾਤਾਰ ਵਧ ਰਹੀਆਂ ਸਟੀਲ ਦੀਆਂ ਕੀਮਤਾਂ ਕਾਰਨ ਉਨ੍ਹਾਂ ਦਾ ਕਾਰੋਬਾਰ ਬਹੁਤ ਪ੍ਰਭਾਵਤ ਹੋ ਰਿਹਾ ਹੈ। ਉਨ੍ਹਾਂ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਤੋਂ ਬਾਅਦ ਵੀ ਕੇਂਦਰ ਸਰਕਾਰ ਸਟੀਲ ਰੈਗੂਲੇਟਰੀ ਅਥਾਰਟੀ ਬਣਾਉਣ ਲਈ ਕੋਈ ਕਦਮ ਨਹੀਂ ਚੁੱਕ ਰਹੀ। ਉਦਯੋਗ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਵੱਡੇ ਕਾਰਪੋਰੇਟ ਘਰਾਣੇ ਸਟੀਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰ ਰਹੇ ਹਨ। ਲੱਖਾਂ ਲੋਕ ਸਾਈਕਲ ਉਦਯੋਗ ਅਤੇ ਇਸ ਨਾਲ ਜੁੜੇ ਉਦਯੋਗਾਂ ਨਾਲ ਜੁੜੇ ਹੋਏ ਹਨ। ਇਸ ਨਾਲ ਹਰ ਕੋਈ ਪ੍ਰਭਾਵਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਉਦਯੋਗਪਤੀ ਪਿਛਲੇ ਕਈ ਦਿਨਾਂ ਤੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਆਤਮਾ ਨਗਰ ਤੋਂ ਕਾਂਗਰਸ ਦੇ ਇੰਚਾਰਜ ਕੰਵਲਜੀਤ ਸਿੰਘ ਕੜਵਲ ਪੁੱਜੇ ਧਰਨੇ 'ਚ

ਪ੍ਰਦਰਸ਼ਨ ਵਿਚ ਹਲਕਾ ਆਤਮਾ ਨਗਰ ਤੋਂ ਕਾਂਗਰਸ ਦੇ ਇੰਚਾਰਜ ਕੰਵਲਜੀਤ ਸਿੰਘ ਕੜਵਲ ਪੁੱਜੇ ਅਤੇ ਇੰਡਸਟਰੀ ਦਾ ਸਮਰਥਨ ਕੀਤਾ। ਕੜਵਲ ਨੇ ਕਿਹਾ ਕਿ ਕਾਂਗਰਸ ਪਾਰਟੀ ਉਦਯੋਗਾਂ ਦੇ ਨਾਲ ਖੜ੍ਹੀ ਹੈ। ਇਸ ਦੌਰਾਨ ਗੁਰਮੀਤ ਸਿੰਘ ਕੁਲਾਰ, ਮੁਕੇਸ਼ ਅੱਤਰੀ, ਇੰਦਰਜੀਤ ਸਿੰਘ ਨਵਯੁੱਗ, ਰਜਿੰਦਰ ਸਿੰਘ ਸਰਹਾਲੀ, ਵਿਲਾਇਤੀ ਰਾਮ, ਸਤਿੰਦਰਜੀਤ ਸਿੰਘ ਐਟਮ, ਗੁਰਚਰਨ ਸਿੰਘ ਜੈਮਕੋ, ਅੱਛਰੂ ਰਾਮ, ਸੋਨੂੰ ਮੱਕੜ, ਸੰਜੀਵ ਦੂਬੇ, ਰਾਜੀਵ ਜੈਨ, ਕੁਲਦੀਪ ਸਿੰਘ ਚਰਣਕਮਲ, ਗੁਰਮੁੱਖ ਸਿੰਘ ਰੁਪਾਲ, ਦਲਬੀਰ ਸਿੰਘ , ਸਰਬਜੀਤ ਸਿੰਘ, ਨਰੇਸ਼ ਤਾਂਗੜੀ, ਸਵਰਨ ਸਿੰਘ ਅਤੇ ਰੂਪਕ ਸੂਦ ਆਦਿ ਹਾਜ਼ਰ ਸਨ।

Posted By: Ramandeep Kaur