ਤਰੁਣ ਆਨੰਦ, ਦੋਰਾਹਾ : ਆਮ ਆਦਮੀ ਪਾਰਟੀ ਦੇ ਪਾਇਲ ਤੋਂ ਹਲਕਾ ਇੰਚਾਰਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਅਹਿਮ ਵਿਸ਼ਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਪੰਜਾਬ 'ਚ ਰਾਜ ਕਰਨ ਵਾਲੀਆਂ ਪਾਰਟੀਆਂ ਤੇ ਮੁੱਖ ਮੰਤਰੀਆਂ ਦੇ ਚਿਹਰੇ ਤਾਂ ਸਮੇਂ ਸਮੇਂ 'ਤੇ ਬਦਲੇ ਪਰ ਕਿਸਾਨਾਂ, ਖੇਤ ਮਜ਼ਦੂਰਾਂ ਤੇ ਸਧਾਰਨ ਵਪਾਰੀਆਂ-ਦੁਕਾਨਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਸਿਲਸਿਲਾ ਬਿਲਕੁੱਲ ਨਹੀਂ ਰੁਕਿਆ।

ਜੇ ਸਰਕਾਰਾਂ ਮਾਫ਼ੀਆ ਤੇ ਭਿ੍ਸ਼ਟਾਚਾਰੀਆਂ ਨੂੰ ਨੱਥ ਪਾ ਕੇ ਉਸੇ ਪੈਸੇ ਨਾਲ ਕਿਸਾਨਾਂ-ਮਜ਼ਦੂਰਾਂ ਦੇ ਸਿਰਾਂ ਤੋਂ ਕਰਜ਼ੇ ਦਾ ਬੋਝ ਉਤਾਰ ਦਿੰਦੀਆਂ ਤੇ ਫ਼ਸਲਾਂ ਦੀ ਬਰਬਾਦੀ ਰੋਕਣ ਲਈ ਪ੍ਰਬੰਧ ਕਰਦੀਆਂ ਤਾਂ ਕਿਸਾਨਾਂ ਨੇ ਫਾਹੇ ਨਹੀਂ ਲੈਣੇ ਸੀ ਤੇ ਨਾ ਹੀ ਜ਼ਹਿਰਾਂ ਪੀਣੀਆਂ ਸਨ। ਗਿਆਸਪੁਰਾ ਵਲੋਂ ਲਾਭ ਸਿੰਘ ਸਿਰਥਲਾ ਦੇ ਪਰਿਵਾਰ ਨਾਲ ਕਾਂਗਰਸੀਆਂ ਵਲੋਂ ਕੀਤੇ ਵਿਸਾਹਘਾਤ ਦਾ ਨਾਲ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਘੱਦੂਵਾਲਾ ਦੇ ਇਕ ਹੋਰ ਕਿਸਾਨ ਦਰਸ਼ਨ ਸਿੰਘ ਵੱਲੋਂ ਨਰਮੇ ਦੀ ਫ਼ਸਲ ਤਬਾਹ ਹੋਣ 'ਤੇ ਕਰਜ਼ੇ ਦੀ ਪੰਡ ਦਾ ਵਜ਼ਨ ਨਾ ਸਹਾਰਦਿਆਂ ਜ਼ਹਿਰ ਪੀਣ ਲਈ ਮਜ਼ਬੂਰ ਹੋਣਾ ਪਿਆ ਬਾਰੇ ਵੀ ਦੱਸਿਆ। ਗਿਆਸਪੁਰਾ ਨੇ ਕੇਜਰੀਵਾਲ ਨੂੰ ਦੱਸਿਆ ਇਸ ਤੋਂ ਸਾਫ਼ ਹੈ ਕਿ ਕਾਂਗਰਸ ਤੇ ਅਕਾਲੀ ਦਲ-ਭਾਜਪਾ ਸਰਕਾਰਾਂ ਨੂੰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕੋਈ ਪਰਵਾਹ ਨਹੀਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਡਰਾਮੇਬਾਜ਼ੀ ਤੋਂ ਵੱਧ ਕੁੱਝ ਨਹੀਂ ਕਰ ਰਹੇ। ਗੁਲਾਬੀ ਸੁੰਡੀ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਅਜੇ ਤਕ ਕੋਈ ਰਾਹਤ ਨਹੀਂ ਦਿੱਤੀ।

ਇਸ ਤਰ੍ਹਾਂ ਕਾਂਗਰਸ ਤੇ ਬਾਦਲਾਂ ਨੇ ਕਰਜ਼ਾ ਮਾਫ਼ੀ ਦਾ ਿਢੰਢੋਰਾ ਤਾਂ ਪਿੱਟਿਆ ਹੈ ਪਰ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਦਾ ਕੋਈ ਕਰਜ਼ਾ ਮਾਫ਼ ਨਹੀਂ ਕੀਤਾ। ਚੰਨੀ ਸਰਕਾਰ ਪੰਜਾਬ ਦੇ ਕਿਸਾਨਾਂ ਲਈ ਕੁੱਝ ਨਹੀ ਕਰ ਰਹੀ। ਉਨ੍ਹਾਂ ਕਿਹਾ ਅੱਜ ਵੀ ਪੰਜਾਬ ਦੇ ਕਿਸਾਨ ਕਰਜ਼ੇ ਦਾ ਭਾਰ ਚੁੱਕੀ ਿਫ਼ਰਦੇ ਹਨ, ਜਦਕਿ 2017 'ਚ ਕਾਂਗਰਸ ਪਾਰਟੀ ਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ। ਬਾਦਲਾਂ ਦੇ ਰਾਜ ਵਾਂਗ ਅੱਜ ਵੀ ਨਰਮੇ ਦੇ ਘਟੀਆ ਬੀਜ ਤੇ ਨਿਕੰਮੀਆਂ ਕੀਟਨਾਸ਼ਕ ਦਵਾਈਆਂ ਕਿਸਾਨਾਂ ਨੂੰ ਦਿੱਤੀਆਂ ਗਈਆਂ, ਜਿਸ ਕਾਰਨ ਨਰਮੇ ਦੀ ਤਿਆਰ ਹੋਈ ਫ਼ਸਲ ਗੁਲਾਬੀ ਸੁੰਡੀ ਨਾਲ ਬਰਬਾਦ ਹੋ ਗਈ। ਗਿਆਸਪੁਰਾ ਨੇ ਦੋਸ਼ ਲਾਇਆ ਚੰਨੀ ਸਰਕਾਰ ਨੇ ਕਿਸਾਨਾਂ ਨੂੰ ਨਾ ਹੀ ਨਰਮੇ ਦੀ ਬਰਬਾਦ ਫ਼ਸਲ ਦਾ ਕੋਈ ਮੁਆਵਜ਼ਾ ਦਿੱਤਾ ਤੇ ਨਾ ਹੀ ਪੂਰੀ ਤਰ੍ਹਾਂ ਕਰਜ਼ਾ ਮਾਫ਼ ਕੀਤਾ। ਜੇ ਸਰਕਾਰ ਨੇ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕੀਤਾ ਹੁੰਦਾ ਤੇ ਕਿਸਾਨਾਂ ਨੂੰ ਫ਼ਸਲਾਂ ਦੇ ਚੰਗੇ ਬੀਜ ਤੇ ਚੰਗੀਆਂ ਕੀਟਨਾਸ਼ਕ ਦਵਾਈਆਂ ਦਿੱਤੀਆਂ ਹੁੰਦੀਆਂ ਤਾਂ ਦਰਸ਼ਨ ਸਿੰਘ ਤੇ ਦਰਜ਼ਨਾਂ ਹੋਰ ਕਿਸਾਨ ਤੇ ਖੇਤ ਮਜ਼ਦੂਰ ਮੌਤ ਨੂੰ ਗਲੇ ਨਾ ਲਾਉਂਦਾ। ਉਨ੍ਹਾਂ ਕਿਹਾ ਜੇ ਸਰਕਾਰ ਨੇ ਸੂਬੇ 'ਚ ਚਲਦੇ ਮਾਫ਼ੀਆ ਰਾਜ ਨੂੰ ਨੱਥ ਪਾਈ ਹੁੰਦੀ ਤੇ ਮਾਰੂ ਬਿਜਲੀ ਸਮਝੌਤੇ ਰੱਦ ਕੀਤੇ ਹੁੰਦੇ ਤਾਂ ਕਿਸਾਨਾਂ-ਮਜ਼ਦੂਰਾਂ ਦੇ ਮਾਮੂਲੀ ਕਰਜ਼ੇ ਮਾਫ਼ ਕਰਨ ਲਈ ਸਰਕਾਰ ਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਸੀ ਪੈਣੀ। ਕੇਜਰੀਵਾਲ ਨੇ ਕਿਹਾ ਪੰਜਾਬ 'ਚ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਬ ਕਲਿਆਣਕਾਰੀ ਕੰਮ ਕਰੇਗੀ ਕਿਸੇ ਨੂੰ ਨਾ ਵਿਦੇਸ਼ ਭੱਜਣ ਦੀ ਲੋੜ ਪਵੇਗੀ ਨਾ ਹੀ ਖ਼ੁਦਕੁਸ਼ੀ ਕਰਨ ਦੀ ਅਸੀਂ ਚੰਗਾ ਪ੍ਰਸਾਸ਼ਨ ਦੇਵਾਂਗੇ।