ਸੰਜੀਵ ਗੁਪਤਾ, ਜਗਰਾਓਂ

ਪਾਵਰਕਾਮ ਵੱਲੋਂ ਪਿਛਲੇ ਦਿਨੀਂ ਬਿਜਲੀ ਦਰਾਂ 'ਚ ਕੀਤੇ ਵਾਧੇ ਸਮੇਤ ਵੱਖ ਵੱਖ ਮਸਲਿਆਂ ਨੂੰ ਲੈ ਕੇ ਅੱਜ ਕਮਿਊਨਿਸਟ ਪਾਰਟੀ ਇੰਡੀਆ ਮਾਰਕਸਵਾਦੀ ਵੱਲੋਂ ਸਥਾਨਕ ਐਕਸੀਅਨ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਐੱਸਡੀਓ ਜਗਰਾਓਂ ਨੂੰ ਸੌਂਪਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਸੂਬੇ ਦੇ ਲੋਕਾਂ 'ਤੇ ਕੈਪਟਨ ਸਰਕਾਰ ਨੇ ਮੁੜ ਬਿਜਲੀ ਦਰਾਂ 'ਚ ਵਾਧਾ ਕਰਕੇ ਉਨ੍ਹਾਂ 'ਤੇ ਵਾਧੂ ਬੋਝ ਲੱਦ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਵਿਚ ਬਿਜਲੀ ਦੀਆਂ ਦਰਾਂ ਬੇਹਦ ਘੱਟ ਹਨ। ਸਹੂਲਤਾਂ ਦਾ ਵਾਅਦਾ ਦੇ ਕੇ ਆਈ ਕੈਪਟਨ ਸਰਕਾਰ ਦੋਵੇਂ ਹੱਥੀਂ ਲੋਕਾਂ ਨੂੰ ਲੁੱਟ ਰਹੀ ਹੈ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਲਤਾਲਾ, ਨਿਰਮਲ ਸਿੰਘ, ਗੁਰਦੀਪ ਸਿੰਘ ਕੋਟਮਾਨ, ਗੁਰਮੀਤ ਕੌਰ ਭੂੰਦੜੀ, ਸੁਖਮਿੰਦਰ ਕੌਰ, ਪਾਲ ਸਿੰਘ, ਗੁਰਦਿਆਲ ਸਿੰਘ, ਜਗਜੀਤ ਸਿੰਘ, ਹਾਕਮ ਸਿੰਘ, ਸਰਬਜੀਤ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ।