ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ

ਡਿਕਟੇਟਰ ਬਣੀ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਬੋਪਾਰਾਏ ਕਲਾਂ ਦੀ ਪਿ੍ਰੰਸੀਪਲ ਨੂੰ ਅੱਜ ਸਕੂਲ ਦੇ ਦਰਜਾ ਚਾਰ ਮੁਲਾਜ਼ਮਾਂ ਤੋਂ ਲੈ ਕੇ ਵਿਦਿਆਰਥੀਆਂ ਅਤੇ ਲੈਕਚਰਾਰਾਂ ਵੱਲੋਂ ਘੇਰਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਸਾਰਿਆਂ ਦਾ ਦੋਸ਼ ਸੀ ਕਿ ਪਿ੍ਰੰਸੀਪਲ ਡਿਕਟੇਟਰ ਬਣ ਕੇ ਉਨ੍ਹਾਂ ਸਾਰਿਆਂ 'ਤੇ ਰੋਅਬ ਹੀ ਨਹੀਂ, ਜਲੀਲ ਕਰਨਾ ਅਤੇ ਤੰਗ ਪਰੇਸ਼ਾਨ ਕਰ ਰਹੇ ਹਨ। ਇਹੀ ਨਹੀਂ ਇਸ ਰੋਸ ਧਰਨੇ ਅਤੇ ਿਘਰਾਓ ਦੌਰਾਨ ਸਕੂਲ ਦੀ ਕਮੇਟੀ ਨੇ ਵੀ ਪਿ੍ਰੰਸੀਪਲ ਖਿਲਾਫ ਜੰਮ ਕੇ ਭੜਾਸ ਕੱਢੀ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮੋਹਣ ਨੇ ਦੱਸਿਆ ਕਿ ਪਿ੍ਰੰਸੀਪਲ ਜਸਬੀਰ ਕੌਰ ਵੱਲੋਂ ਲਗਾਤਾਰ ਸਕੂਲ ਦਾ ਮਾਹੌਲ ਖਰਾਬ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰਨ ਵਿਚ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ, ਜਿਸ ਦੇ ਚੱਲਦਿਆਂ ਅੱਜ ਦਾ ਇਹ ਵੱਡਾ ਇਕੱਠ ਇਸ ਪਿ੍ਰੰਸੀਪਲ ਨੂੰ ਚੱਲਦਾ ਕਰਨ ਲਈ ਇਕਜੁੱਟ ਹੋ ਕੇ ਤਾਣਾਸ਼ਾਹ ਰਵੱਈਏ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਦੋ ਕੁ ਮਹੀਨੇ ਪਹਿਲਾਂ ਆਏ ਇਸ ਪਿ੍ਰੰਸੀਪਲ ਵੱਲੋਂ ਸਕੂਲ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਇਸੇ ਤਰ੍ਹਾਂ ਲੈਕਚਰਾਰ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪਿ੍ਰੰਸੀਪਲ ਇਸ ਕਦਰ ਡਿਕਟੇਟਰ ਬਣ ਗਏ ਹਨ ਕਿ ਅੱਧੀ ਛੁੱਟੀ ਵੇਲੇ ਸਟਾਫ਼ ਤਕ ਨੂੰ ਇਕੱਠਿਆਂ ਬੈਠ ਕੇ ਖਾਣਾ ਖਾਣ ਤੋਂ ਵੀ ਰੋਕਦੇ ਹਨ। ਅਜਿਹੇ ਤੁਗਲਕੀ ਫਰਮਾਨਾਂ ਕਾਰਨ ਉਹ ਅਤੇ ਵਿਦਿਆਰਥੀ ਪਰੇਸ਼ਾਨ ਹਨ। ਕਲਰਕ ਰਮਨਦੀਪ ਕੌਰ ਅਤੇ ਕੁਲਵਿੰਦਰ ਕੌਰ ਸਫਾਈ ਸੇਵਿਕਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਿ੍ਰੰਸੀਪਲ ਵੱਲੋਂ ਤੰਗ ਪਰੇਸ਼ਾਨ ਕਰਕੇ ਆਪਣੇ ਘਰ ਵੀ ਜਬਰਨ ਕੰਮ ਕਰਵਾਇਆ ਜਾਂਦਾ ਹੈ। ਮਿਡ ਡੇ ਮੀਲ ਮੁਲਾਜ਼ਮ ਚਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਕੰਮ ਖਤਮ ਹੋਣ ਦੇ ਬਾਵਜੂਦ ਦੇਰ ਸ਼ਾਮ ਤਕ ਪਿ੍ਰੰਸੀਪਲ ਵੱਲੋਂ ਜਬਰਨ ਸਕੂਲ ਬਿਠਾਇਆ ਜਾਂਦਾ ਹੈ। ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਿ੍ਰੰਸੀਪਲ 'ਤੇ ਉਨ੍ਹਾਂ ਨੂੰ ਜ਼ਲੀਲ ਕਰਨ ਅਤੇ ਭਰੀ ਕਲਾਸ ਵਿਚ ਅਧਿਆਪਕਾਂ ਨਾਲ ਭੱਦਰ ਵਿਵਹਾਰ ਕਰਨ ਦੇ ਖੁੱਲ੍ਹਮ ਖੁੱਲ੍ਹਾ ਦੋਸ਼ ਲਗਾਏ।

--------

ਪਿ੍ਰੰਸੀਪਲ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ

ਇਸ ਸਾਰੇ ਮਾਮਲੇ ਬਾਰੇ ਪਿ੍ਰੰਸੀਪਲ ਜਸਬੀਰ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਉੱਕਤ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਮਨਘੜਤ ਅਤੇ ਝੂਠਾ ਹੈ। ਉਹਨਾਂ ਕਿਹਾ ਕਿ ਸਕੂਲ ਦਾ ਮਾਹੌਲ ਪਹਿਲਾਂ ਤੋਂ ਹੀ ਖਰਾਬ ਹੈ ਜਦਕਿ ਉਹਨਾਂ ਨੇ ਤਾਂ ਸਕੂਲ ਦੇ ਅਨੁਸ਼ਾਸਨ ਨੂੰ ਬਣਾਈ ਰੱਖਣ ਅਤੇ ਚੰਗੇ ਨਤੀਜਿਆਂ ਲਈ ਕੁੱਝ ਉਸਾਰੂ ਕਦਮ ਚੁੱਕੇ ਹਨ ਜਿਹਨਾਂ ਲਈ ਅਧਿਆਪਕ ਅਤੇ ਵਿਦਿਆਰਥੀ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦੇ ਰਹੇ। ਉਨ੍ਹਾਂ ਅੱਜ ਦੇ ਰੋਸ ਪ੍ਰਦਰਸ਼ਨ 'ਤੇ ਕਿਹਾ ਕਿ ਇਕ ਅਧਿਆਪਕ ਨੇ ਪਿੰਡ ਦੇ ਇਕ ਸਾਬਕਾ ਸਰਪੰਚ ਨਾਲ ਮਿਲ ਕੇ ਮਾਹੌਲ ਵਿਗਾੜਿਆ ਗਿਆ ਹੈ।