ਸੰਜੀਵ ਗੁਪਤਾ, ਜਗਰਾਓਂ : ਕਿਰਤੀ ਕਿਸਾਨ ਯੂਨੀਅਨ ਵੱਲੋਂ ਲਖੀਮਪੁਰ ਖੀਰੀ ਦੇ ਕਾਂਡ ਦੇ ਵਿਰੋਧ 'ਚ ਜ਼ੋਰਦਾਰ ਰੋਸ ਪ੍ਰਗਟਾਉਂਦਿਆਂ ਸਥਾਨਕ ਝਾਂਸੀ ਰਾਣੀ ਚੌਕ ਵਿਖੇ ਪੁਤਲਾ ਫੂਕਦਿਆਂ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ 'ਚ ਪੁੱਜੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਲਖੀਮਪੁਰ ਖੀਰੀ ਦਾ ਦਰਦਨਾਕ ਕਾਂਡ ਕੇਂਦਰ ਸਰਕਾਰ ਦੇ 'ਤੇ ਕਲੰਕ ਹੈ, ਜਿਸ ਦੇ ਲੀਡਰਾਂ ਨੇ ਸੱਤਾ ਦੇ ਗਰੂਰ 'ਚ ਕਈ ਜਾਨਾਂ ਲੈ ਲਈਆਂ।

ਉਹ ਸਰਕਾਰ ਦੀ ਸ਼ੈਅ 'ਤੇ ਕਿੰਨਾ ਚਿਰ ਬਚਣਗੇ, ਦੇਸ਼ ਦੀ ਜਨਤਾ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਇਕਜੁਟ ਹੋ ਚੁੱਕੀ ਹੈ। ਉਨ੍ਹਾਂ ਖੇਤੀ ਬਚਾਉਣ ਲਈ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਕਰਦਿਆਂ ਖਰਚਿਆਂ ਅਨੁਸਾਰ ਫਸਲਾਂ ਦਾ ਰੇਟ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਸਥਾਨਕ ਲਾਜਪਤ ਰਾਏ ਪਾਰਕ ਤੋਂ ਲਖੀਮਪੁਰ ਕਾਂਡ ਦੇ ਵਿਰੋਧ 'ਚ ਰੋਸ ਮਾਰਚ ਕੱਢਦਿਆਂ ਸਥਾਨਕ ਝਾਂਸੀ ਚੌਕ ਵਿਖੇ ਪੁਤਲਾ ਫੂਕਿਆ ਗਿਆ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਕਲਾਂ, ਗੁਰਤੇਜ ਸਿੰਘ ਅਖਾੜਾ, ਬਲਾਕ ਪ੍ਰਧਾਨ ਹਰਦੇਵ ਸਿੰਘ ਆਦਿ ਹਾਜ਼ਰ ਸਨ।