ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਆਪਣੀਆਂ ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਨੇ ਵੀਰਵਾਰ ਨੂੰ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਦੇ ਚੋਣ ਦਫਤਰ ਦਾ ਘਿਰਾਓ ਕੀਤਾ ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭੜਕੀਆਂ ਆਂਗਨਵਾੜੀ ਵਰਕਰਾਂ ਨੂੰ ਮਨਾਉਣ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵਰਕਰਾਂ ਨੂੰ ਕੈਪਟਨ ਨਾਲ ਮੀਟਿੰਗ ਦਾ ਭਰੋਸਾ ਦਿੱਤਾ।

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਸਥਾਨਕ ਸ਼ਹਿਰ 'ਚ ਰੋਸ ਪ੍ਰਦਰਸ਼ਨ ਕਰਦਿਆਂ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਭਿੰਦਰ ਕੌਰ ਗੋਸਲ ਦੀ ਅਗਵਾਈ 'ਚ ਜ਼ਿਲ੍ਹਾ ਪੱਧਰੀ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਜ਼/ਹੈਲਪਰਜ਼ ਦੇ ਕੌਮੀ ਪ੍ਰਧਾਨ ਕਾਮਰੇਡ ਊਸ਼ਾ ਰਾਣੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ 'ਚ ਕੀਤੀ ਕਟੌਤੀ ਨਿੰਦਣਯੋਗ ਹੈ ਕਿਉਂਕਿ ਪਹਿਲਾਂ ਹੀ ਵਰਕਰਾਂ ਨੂੰ ਬਹੁਤ ਘੱਟ ਮਾਣ ਭੱਤਾ ਦਿੱਤਾ ਜਾ ਰਿਹਾ ਹੈ।

ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਆਂਗਨਵਾੜੀ ਵਰਕਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਪਰ ਸੱਤਾ 'ਚ ਆਉਂਦਿਆਂ ਹੀ ਸਭ ਕੁਝ ਭੁੱਲ ਗਏ। ਰੈਲੀ ਉਪਰੰਤ ਸਮੂਹ ਵਰਕਰਾਂ ਅਤੇ ਹੈਲਪਰਾਂ ਨੇ ਰੋਸ ਮਾਰਚ ਕਰਦਿਆਂ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਦੇ ਚੋਣ ਦਫਤਰ ਦਾ ਘਿਰਾਓ ਕੀਤਾ।

ਇਸ ਬਾਰੇ ਪਤਾ ਲੱਗਣ 'ਤੇ ਮੌਕੇ 'ਤੇ ਪੁੱਜੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਸੁਣਿਆ ਤੇ ਮੰਗ ਪੱਤਰ ਲੈਣ ਉਪਰੰਤ ਤੁਰੰਤ 5 ਮੈਂਬਰੀ ਕਮੇਟੀ ਬਣਾ ਕੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਿਲ੍ਹਾ ਵਿੱਤ ਸਕੱਤਰ ਸੁਰਜੀਤ ਕੌਰ, ਕਾਰਜਕਾਰੀ ਪ੍ਰਧਾਨ ਆਸ਼ਾ ਰਾਣੀ, ਮੀਤ ਪ੍ਰਧਾਨ ਹਰਦੇਵ ਕੌਰ, ਮਨਰੇਗਾ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਵਰਮੀ, ਚਰਨਜੀਤ ਕੌਰ ਮਾਛੀਵਾੜਾ, ਅਮਰਜੀਤ ਕੌਰ, ਅੰਜੂ ਮਹਿਤਾ, ਨਿਰਮਲ ਕੌਰ, ਪਰਮਿੰਦਰ ਕੌਰ, ਰਜਨੀ ਬਾਲਾ, ਸੁਨੀਤਾ ਰਾਣੀ, ਜਸਵਿੰਦਰ ਕੌਰ, ਸਰਬਜੀਤ ਕੌਰ ਸੁਧਾਰ, ਦਲਜੀਤ ਕੌਰ ਰਾਏਕੋਟ ਅਤੇ ਸੁਰਜੀਤ ਕੌਰ ਆਦਿ ਹਾਜ਼ਰ ਸਨ।