ਅਮਨਪ੍ਰੀਤ ਸਿੰਘ ਚੌਹਾਨ, ਲੁਧਿਆਣਾ : ਮਹਾਨਗਰ ਵਿਚ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ 'ਤੇ ਸ਼ਿਕੰਜਾ ਕੱਸਣ ਲਈ ਈ-ਚਲਾਨ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਸ਼ਹਿਰ ਵਿਚ ਸੇਫ਼ ਸਿਟੀ ਪ੍ਰਾਜੈਕਟ ਦੇ ਤਹਿਤ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਏਐੱਨਆਰਪੀ ਸਿਸਟਮ ਨਾਲ ਫੋਟੋ ਖਿੱਚ ਕੇ ਫਿਲਹਾਲ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਲਾਲ ਬੱਤੀ ਦੀ ਉਲੰਘਣਾ ਤੇ ਜ਼ੈਬਰਾ ਕ੍ਰਾਸਿੰਗ ਦੀ ਉਲੰਘਣਾ ਨੂੰ ਪਹਿਲੇ ਪੜਾਅ ਦੇ ਸ਼ੁਰੂਆਤੀ ਦੌਰ ਦੌਰਾਨ 6 ਚੌਕਾਂ ਵਿਚ ਸ਼ੁਰੂ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਵੱਲੋਂ 15 ਨਵੰਬਰ ਤੋਂ ਸ਼ੁਰੂ ਕੀਤੇ ਗਏ ਈ-ਚਲਾਨ ਤਹਿਤ 20 ਨਵੰਬਰ ਤਕ ਕਰੀਬ 739 ਚਲਾਨ ਕੀਤੇ ਗਏ ਹਨ, ਜਦਕਿ ਸਭ ਤੋਂ ਵੱਧ ਐੱਚਡੀਐੱਫਸੀ ਬੈਂਕ ਛੱਤਰੀ ਚੌਕ ਵਿਚ ਕਰੀਬ 593 ਚਲਾਨ ਕੀਤੇ ਗਏ ਹਨ। ਇਨ੍ਹਾਂ ਚਲਾਨਾਂ ਨੂੰ ਪੁਲਿਸ ਦੀ ਵੈੱਬਸਾਈਟ 'ਤੇ ਆਨਲਾਈਨ ਜਾਂ ਫਿਰ ਕਿਸੇ ਨਜ਼ਦੀਕ ਬਣੇ ਪੁਲਿਸ ਥਾਣਿਆਂ ਦੇ ਸਾਂਝ ਕੇਂਦਰਾਂ ਵਿਚ ਜਾ ਕੇ ਜੁਰਮਾਨੇ ਦੀ ਰਾਸ਼ੀ ਅਦਾ ਕਰ ਕੇ ਭੁਗਤਿਆ ਜਾ ਸਕਦਾ ਹੈ, ਜਦੋਂਕਿ ਵਾਹਨ ਚਾਲਕ ਨੂੰ ਭੇਜੇ ਗਏ ਈ-ਚਲਾਨ ਦੇ ਜੁਰਮਾਨੇ ਦੀ ਰਾਸ਼ੀ ਦੇ ਨਾਲ ਹੀ 50 ਰੁਪਏ ਡਾਕ ਦਾ ਖ਼ਰਚਾ ਵੱਖਰਾ ਦੇਣਾ ਪਵੇਗਾ। ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਛੇ ਚੌਕਾਂ ਪੁਰਾਣੀ ਕਚਹਿਰੀ ਚੌਕ, ਮਾਲ ਰੋਡ ਛੱਤਰੀ ਚੌਕ, ਮਿੰਨੀ ਸਕੱਤਰੇਤ ਲਾਲ ਬੱਤੀ, ਦੁਰਗਾ ਮਾਤਾ ਮੰਦਰ ਚੌਕ, ਹੀਰੋ ਬੇਕਰੀ ਚੌਕ ਤੇ ਢੋਲੇਵਾਲ ਚੌਕ ਤੋਂ ਏਐੱਨਆਰਪੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਪਰ ਮਾਲ ਰੋਡ 'ਤੇ ਬਣੇ ਛੱਤਰੀ ਚੌਕ (ਐੱਚਡੀਐੱਫਸੀ ਬੈਂਕ) ਦੀਆਂ ਲਾਈਟਾਂ 'ਤੇ ਜ਼ਿਆਦਾਤਰ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਇਸ ਕਾਰਨ ਪੁਲਿਸ ਵੱਲੋਂ ਸਭ ਤੋਂ ਜ਼ਿਆਦਾ ਧਿਆਨ ਇਸ ਚੌਕ ਵੱਲ ਹੀ ਦਿੱਤਾ ਜਾ ਰਿਹਾ ਹੈ, ਜਦੋਂ ਕਿ ਢੋਲੇਵਾਲ ਚੌਕ ਵਿਚ ਲੱਗੇ ਕੈਮਰੇ ਸਹੀ ਤਰੀਕੇ ਨਾਲ ਕੰਮ ਨਾ ਕਰਦੇ ਹੋਣ ਕਾਰਨ ਪਿਛਲੇ 6 ਦਿਨਾਂ ਵਿਚ ਹਾਲੇ ਤੱਕ ਇਕ ਵੀ ਚਲਾਨ ਨਹੀਂ ਹੋਇਆ।

ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਦੱਸਿਆ ਕਿ ਵਾਪਸ ਆਏ ਈ-ਚਲਾਨ ਜੋ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਲਏ ਗਏ ਨਾਂ ਤੇ ਪਤੇ 'ਤੇ ਡਾਕ ਰਾਹੀਂ ਭੇਜੇ ਗਏ ਸਨ, ਉਨ੍ਹਾਂ ਵਿਚੋਂ ਕੁਝ ਚਲਾਨ ਵਾਪਸ ਆਏ ਹਨ, ਕਿਉਂਕਿ ਇਨ੍ਹਾਂ ਵਿਚੋਂ ਕੁਝ ਚਲਾਨਾਂ 'ਤੇ ਪਤਾ ਅਧੂਰਾ ਹੈ ਤੇ ਬਹੁਤ ਸਾਰੇ ਵਾਹਨਾਂ ਦੇ ਮਾਲਕ ਜੋ ਕਿ ਕਿਰਾਏ 'ਤੇ ਰਹਿੰਦੇ ਸਨ, ਮਕਾਨ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਟ੍ਰੈਿਫ਼ਕ ਪੁਲਿਸ ਵੱਲੋਂ ਇਹੋ ਜਿਹੇ ਵਾਹਨ ਚਾਲਕਾਂ ਦੇ ਪੂਰੇ ਪਤੇ ਸਬੰਧਿਤ ਆਰਟੀਏ ਦਫ਼ਤਰ ਵਿਚੋਂ ਲਏ ਜਾਣਗੇ ਤੇ ਦੁਬਾਰਾ ਤੋਂ ਇਨ੍ਹਾਂ ਚਲਾਨਾਂ ਨੂੰ ਉਸ ਪਤੇ 'ਤੇ ਭੇਜਿਆ ਜਾਵੇਗਾ ਤਾਂ ਜੋ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਕੀਤੀ ਗਈ ਗਲਤੀ ਦਾ ਜੁਰਮਾਨਾ ਭਰਨ 'ਤੇ ਅਹਿਸਾਸ ਹੋਵੇ ਤੇ ਉਹ ਅੱਗੇ ਤੋਂ ਰੈੱਡ ਲਾਈਟ ਜਾਂ ਜੈਬਰਾ ਕਰਾਸ ਦੀ ਉਲੰਘਣਾ ਕਰਨ ਤੋਂ ਪ੍ਰਹੇਜ਼ ਕਰਨ।

----