ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ 'ਚ ਲੋਕਾਂ ਵੱਲੋਂ ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਥਾਨਕ ਦੁਸਹਿਰਾ ਮੈਦਾਨ 'ਚ ਸ਼੍ਰੀ ਹਨੂੰਮਾਨ ਮੰਦਰ ਰਾਮਲੀਲ੍ਹਾ ਕਮੇਟੀ ਵਲੋਂ ਮੇਲੇ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਲੋਕਾਂ ਵਲੋਂ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ ਤੇ ਲਛਮਣ ਦੇ ਸਜਾਏ ਸਰੂਪਾਂ ਅੱਗੇ ਸੀਸ ਝੁਕਾਇਆ।

ਦੁਸਹਿਰਾ ਮੈਦਾਨ 'ਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਲਗਾਏ ਗਏ ਜਿਨ੍ਹਾਂ ਨੂੰ ਅਗਨੀ ਦੇਣ ਤੋਂ ਪਹਿਲਾਂ ਰਾਮ ਭਗਤ ਸ਼ਰਧਾਲੂਆਂ ਵੱਲੋਂ ਆਤਿਸ਼ਬਾਜ਼ੀ ਕਰ ਭੰਗੜੇ ਪਾਏ ਗਏ। ਮੁੱਖ ਮਹਿਮਾਨ ਵਜੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਸੁਰਿੰਦਰ ਬਾਂਸਲ ਪੁੱਜੇ, ਜਿਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ। ਸ਼ਾਮ ਸੂਰਜ ਿਛਪਦਿਆਂ ਹੀ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਬਜਰੰਗ ਬਲੀ ਹਨੂੰਮਾਨ ਦੇ ਸਰੂਪ ਵਲੋਂ ਅਗਨੀ ਵਿਖਾਈ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ, ਪ੍ਰਵੀਨ ਮੱਕੜ ਤੇ ਕਮੇਟੀ ਦੇ ਸਮੂਹ ਮੈਂਬਰ ਮੌਜੂਦ ਸਨ।