ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ 1 ਕਿੱਲੋ 20 ਗ੍ਰਾਮ ਅਫੀਮ ਸਮੇਤ ਅਮਰਪੁਰਾ ਦੇ ਵਾਸੀ ਭੋਮਾ ਰਾਮ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ 3 ਅਸ਼ਵਨੀ ਗੋਟਿਆਲ ਤੇ ਥਾਣਾ ਡਵੀਜ਼ਨ ਨੰਬਰ 8 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਸਤਵਿੰਦਰ ਸਿੰਘ ਦੋਮੋਰੀਆ ਪੁਲ਼ ਦੇ ਨਾਲ ਪੈਂਦੇ ਇਲਾਕੇ 'ਚ ਗਸ਼ਤ ਕਰ ਰਹੇ ਸਨ । ਇਸੇ ਦੌਰਾਨ ਰੇਲਵੇ ਲਾਈਨਾਂ ਵਾਲੀ ਸਾਈਡ ਤੋਂ ਮੁਲਜ਼ਮ ਭੋਮਾ ਰਾਮ ਆਉਂਦਾ ਦਿਖਾਈ ਦਿੱਤਾ । ਪੁਲਿਸ ਨੂੰ ਦੇਖ ਕੇ ਭੋਮਾ ਰਾਮ ਨੇ ਮੋਟਰਸਾਈਕਲ ਦੇ ਹੈਂਡਲ 'ਤੇ ਟੰਗਿਆ ਲਿਫ਼ਾਫ਼ਾ ਇਕ ਪਾਸੇ ਵੱਲ ਸੁੱਟ ਦਿੱਤਾ। ਮੁਲਜ਼ਮ ਦਾ ਅਜਿਹਾ ਰਵੱਈਆ ਦੇਖ ਕੇ ਪੁਲਿਸ ਤੁਰੰਤ ਹਰਕਤ 'ਚ ਆਈ ਅਤੇ ਲਿਫ਼ਾਫ਼ਾ ਬਰਾਮਦ ਕਰਨ ਤੋਂ ਬਾਅਦ ਮੁਲਜ਼ਮ ਦਾ ਪਿੱਛਾ ਕਰ ਕੇ ਉਸ ਨੂੰ ਗਿ੍ਫ਼ਤਾਰ ਕੀਤਾ । ਵਜ਼ਨ ਕਰਨ 'ਤੇ ਪਤਾ ਲੱਗਾ ਕਿ ਲਿਫ਼ਾਫ਼ੇ 'ਚ 1 ਕਿੱਲੋ 20 ਗ੍ਰਾਮ ਅਫੀਮ ਸੀ। ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।