ਕੁਲਵਿੰਦਰ ਸਿੰਘ ਰਾਏ, ਖੰਨਾ

ਪੰਜਾਬ 'ਚ ਨਕਲੀ ਸ਼ਰਾਬ ਨਾਲ ਸੈਂਕੜੇ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਣ ਨਾਲ ਕੈਪਟਨ ਸਰਕਾਰ 'ਤੇ ਲੋਕਾਂ ਦਾ ਗੁੱਸਾ ਫੁੱਟਿਆ ਹੋਇਆ ਹੈ। ਨਕਲੀ ਸ਼ਰਾਬ ਦੇ ਤਾਜ਼ਾ ਮਾਮਲਿਆਂ ਨਾਲ ਖੰਨਾ ਦੇ ਪਿੰਡ ਬਾਹੋਮਾਜਰਾ 'ਚ ਕੁਝ ਮਹੀਨੇ ਪਹਿਲਾਂ ਫੜੀ ਨਕਲੀ ਸ਼ਰਾਬ ਦਾ ਮਾਮਲਾ ਵੀ ਤਾਜ਼ਾ ਹੋ ਗਿਆ ਹੈ, ਜਿਸ ਨਾਲ ਖੰਨਾ ਦੇ ਵੱਡੇ ਕਾਂਗਰਸੀਆਂ 'ਤੇ ਉਂਗਲਾਂ ਮੁੜ ਉੱਠਣ ਲੱਗੀਆਂ ਹਨ, ਜਿਨ੍ਹਾਂ ਦੇ ਸਿਆਸੀ ਦਬਾਅ ਕਰ ਕੇ ਮਾਮਲੇ ਦੀ ਜਾਂਚ ਠੰਡੇ ਬਸਤੇ 'ਚ ਪਾਈ ਗਈ।

-ਨਕਲੀ ਸ਼ਰਾਬ ਮਾਮਲੇ ਲਈ ਕੈਪਟਨ ਤੇ ਹਲਕਾ ਵਿਧਾਇਕ ਜ਼ਿੰਮੇਵਾਰ : ਯਾਦੂ

ਯਾਦਵਿੰਦਰ ਸਿੰਘ ਯਾਦੂ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਨੇ ਕਿਹਾ ਕਿ ਪੰਜਾਬ 'ਚ ਨਕਲੀ ਸ਼ਰਾਬ ਮਾਮਲਿਆਂ ਲਈ ਜਿੱਥੇ ਹਲਕਾ ਵਿਧਾਇਕ ਜ਼ਿੰਮੇਵਾਰ ਹਨ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਵੀ ਭਾਗੀਦਾਰ ਹਨ, ਕਿਉਂਕਿ ਜੋ ਪਹਿਲਾਂ ਖੰਨਾ, ਰਾਜਪੁਰਾ ਤੇ ਹੁਣ ਹੋਰ ਹਲਕਿਆਂ 'ਚ ਮਾਮਲੇ ਸਾਹਮਣੇ ਆਉਣ 'ਤੇ ਵੀ ਲਗਾਤਾਰ ਕਾਰਵਾਈ ਤੋਂ ਬਚਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਨਾਲ ਪੰਜਾਬ ਦਾ ਰੈਵੇਨਿਊ ਬਰਬਾਦ ਹੋ ਰਿਹਾ ਹੈ ਤੇ ਪੰਜਾਬ ਦੀ ਜ਼ਿੰਦਗੀ ਨੂੰ ਤਬਾਹ ਕਰ ਰਿਹਾ ਹੈ, ਜਿਸ ਕਾਰਨ ਕਈ ਮਾਵਾਂ ਦੇ ਪੁੱਤ, ਬੱਚਿਆਂ ਦੇ ਪਿਤਾ ਚਲੇ ਗਏ ਤੇ ਭੈਣਾਂ ਰੱਖੜੀ ਲੈ ਕੇ ਭਰਾਵਾਂ ਨੂੰ ਉਡੀਕ ਰਹੀਆਂ ਹਨ ਤੇ ਕੈਪਟਨ ਸਾਬ੍ਹ ਸੱਤਾ ਦੇ ਨਸ਼ੇ 'ਚ ਸੁੱਖ ਮਾਣ ਰਹੇ ਹਨ। ਗ਼ੈਰ-ਕਾਨੂੰਨੀ ਫੈਕਟਰੀਆਂ ਤੋਂ ਪੰਜਾਬ ਨੂੰ 25 ਹਜ਼ਾਰ ਕਰੋੜ ਰੁਪਏ ਦਾ ਹਰ ਸਾਲ ਚੂਨਾ ਲੱਗ ਰਿਹਾ ਹੈ ਤੇ ਮੁੱਖ ਮੰਤਰੀ ਪੰਜਾਬ ਦੀ ਚੁੱਪ ਜ਼ਿੰਮੇਵਾਰੀ ਤੋਂ ਮੂੰਹ ਮੋੜਨ ਦੀ ਗਵਾਹੀ ਹੈ।

-'ਜ਼ਹਿਰੀਲੀ ਦਾਰੂ ਵਿਦ ਕੈਪਟਨ' ਦੇ ਨਾਂਅ ਨਾਲ ਜਾਣੀ ਜਾਂਦੀ ਹੈ ਸਰਕਾਰ : ਡੈਵਿਟ

'ਆਪ' (ਲੀਗਲ ਸੈੱਲ) ਦੇ ਸੀਨੀਅਰ ਆਗੂ ਬਰਿੰਦਰ ਡੈਵਿਟ ਨੇ ਕਿਹਾ ਕਿ 'ਜ਼ਹਿਰੀਲੀ ਦਾਰੂ ਵਿਦ ਕੈਪਟਨ' ਦੇ ਨਾਂਅ ਨਾਲ ਜਾਣੀ ਜਾਂਦੀ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਨਕਲੀ ਸ਼ਰਾਬ ਤੇ ਗ਼ੈਰ-ਕਾਨੂੰਨੀ ਸ਼ਰਾਬ ਫੈਕਟਰੀਆਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰ ਕੇ ਸ਼ਰਾਬ ਮਾਫ਼ੀਏ ਤੇ ਰਾਜਸੀ ਲੋਕਾਂ ਦੀ ਗੰਢ-ਤੁੱਪ ਦੀ ਪੁਸ਼ਤ-ਪਨਾਹੀ ਕੀਤੀ ਹੈ। ਡੈਵਿਟ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਸੱਤਾ 'ਚ ਆਉਣ 'ਤੇ ਹਫ਼ਤਿਆਂ 'ਚ ਨਸ਼ਾ ਮਾਫੀਆ 'ਤੇ ਕਾਬੂ ਪਾ ਲਵਾਂਗੇ, ਪਰ ਇੰਝ ਲੱਗਦਾ ਹੈ ਕਿ ਇਹ ਸਭ ਕੁਝ ਉਲਟ-ਪੁਲਟ ਚੱਲ ਰਿਹਾ ਹੈ। ਨਸ਼ਾ ਮਾਫੀਆ ਨੇ ਮੁੱਖ ਮੰਤਰੀ ਦਫਤਰ 'ਤੇ ਪਿਛਲੇ ਚਾਰ ਸਾਲ ਤੋਂ ਕਾਬੂ ਪਾਇਆ ਹੋਇਆ ਹੈ, ਜਿਸ ਕਰਕੇ ਪਿਛਲੇ ਕਈ ਦਿਨਾਂ ਤੋਂ ਸੂਬੇ 'ਚ ਨਕਲੀ ਸ਼ਰਾਬ ਕਾਰਨ ਲੋਕਾਂ ਦਾ ਮਰਨਾ ਹਾਲੇ ਵੀ ਜਾਰੀ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਇਕ ਸਵਾਲ ਕੀਤਾ ਕਿ ਕੀ ਸ਼ਰਾਬ ਮਾਫੀਆ ਸਰਕਾਰ ਨੂੰ ਚਲਾ ਰਿਹਾ ਹੈ? ਕੈਪਟਨ ਸ਼ਰਾਬ ਮਾਫ਼ੀਆ ਤੋਂ ਡਰਦੇ ਹਨ ਜਾਂ ਇਨ੍ਹਾਂ ਦੇ ਹਿੱਸੇਦਾਰ, ਜਿਸ ਕਰ ਕੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਥਾਂ ਬਚਾਅ ਕਰ ਰਹੇ ਹਨ।

-ਨਸ਼ਾ ਰੋਕਣ ਦੀ ਥਾਂ ਨਕਲੀ ਸ਼ਰਾਬ ਕੈਪਟਨ ਨੇ ਲਿਆਂਦੀ : ਗਿੱਲ

ਹਰਜੰਗ ਸਿੰਘ ਗਿੱਲ ਦਿਹਾਤੀ ਪ੍ਰਧਾਨ ਅਕਾਲੀ ਦਲ ਖੰਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਨਾ ਹੀ ਮੋਬਾਈਲ ਮੰਗਦੇ ਹਨ, ਨਾ ਹੀ ਘਰ-ਘਰ ਨੌਕਰੀ ਮੰਗਦੇ ਹਨ ਤੇ ਨਾ ਹੀ ਕਰਜ਼ਾ ਮਾਫ਼ੀ ਮੰਗਦੇ ਹਨ, ਸਗੋਂ ਉਹ ਮੌਜੂਦਾ ਸਰਕਾਰ ਤੋਂ ਇੰਨਾ ਡਰ ਚੁੱਕੇ ਹਨ ਕਿ ਸੂਬਾ ਸਰਕਾਰ ਤੋਂ ਆਪਣੇ ਸੁਰੱਖਿਅਤ ਤੇ ਸਿਹਤਮੰਦ ਜੀਵਨ ਦੀ ਭੀਖ ਮੰਗਦੇ ਹਨ।

ਉਪਰੋਕਤ ਤੱਥਾਂ ਤੋਂ ਸਿੱਧੇ ਤੌਰ 'ਤੇ ਸਪੱਸ਼ਟ ਹੈ ਕਿ ਕੈਪਟਨ ਸਰਕਾਰ ਹਰ ਫਰੰਟ 'ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਗੱਲ 'ਚ ਕੋਈ ਦੁਹਰਾਈ ਨਹੀਂ ਹੈ ਕਿ ਇਸ ਮੌਕੇ ਪੰਜਾਬ 'ਚ ਨਸ਼ੇ ਦਾ ਦਰਿਆ ਵਗ ਰਿਹਾ ਹੈ। ਇਸ ਬਾਰੇ ਲੋਕ ਪੂਰਨ ਤੌਰ 'ਤੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ ਕਿ ਕੈਪਟਨ ਦੀ ਲਾਪਰਵਾਹੀ ਤੇ ਅਸਫਲਤਾ ਕਾਰਨ ਪੰਜਾਬ ਦਾ ਨੌਜਵਾਨ ਵਰਗ ਬੇਰੁਜ਼ਗਾਰ ਹੋ ਗਿਆ ਹੈ, ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਉਦਯੋਗ ਤਬਾਹ ਹੋ ਚੁੱਕੇ ਹਨ।

-ਸ਼ਰਾਬ ਮਾਫੀਆ 'ਤੇ ਕਾਰਵਾਈ ਲਈ ਰਵਨੀਤ ਬਿੱਟੂ ਦੀ ਦੋਗਲੀ ਨੀਤੀ : ਕਾਲੀ

ਆਰਟੀਆਈ ਕਾਰਜਕਰਤਾ ਤੇ ਸਮਾਜ ਸੇਵਕ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਪੰਜਾਬ ਅੰਦਰ ਨਕਲੀ ਤੇ ਜ਼ਹਿਰੀਲੀ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਤਹਿਸੀਲਾਂ 'ਚ ਸੱਤਾਧਾਰੀ ਤੇ ਸਿਆਸਤਦਾਨਾਂ ਦੀ ਰਹਿਨੁਮਾਈ 'ਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਧੜੱਲੇ ਨਾਲ ਚੱਲ ਰਹੀਆਂ ਹਨ। ਪਹਿਲਾਂ ਖੰਨਾ, ਘਨੌਰੀ 'ਚ ਨਕਲੀ ਫੈਕਟਰੀ ਫੜੀ ਗਈ, ਹੁਣ ਜ਼ਹਿਰੀਲੀ ਤੇ ਨਕਲੀ ਸ਼ਰਾਬ ਪੀਣ ਨਾਲ ਤਰਨਤਾਰਨ, ਬਟਾਲਾ, ਜੰਡਿਆਲਾ ਗੁਰੂ ਵਿਖੇ ਹੋਈਆਂ 112 ਮੌਤਾਂ ਤਸਦੀਕ ਕਰਦੀਆਂ ਹਨ ਕਿ ਪੰਜਾਬ 'ਚ ਸੱਤਾਧਾਰੀਆਂ ਦੀ ਰਹਿਨਮਾਈ ਹੇਠ ਵੱਡੇ ਪੱਧਰ 'ਤੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਕਾਰੋਬਾਰ ਚੱਲ ਰਿਹਾ ਹੈ।

ਪੰਜਾਬ ਅੰਦਰ ਨਕਲੀ ਸ਼ਰਾਬ ਫੈਕਟਰੀਆਂ ਖੰਨਾ ਅਤੇ ਘਨੌਰੀ 'ਚ ਫੜੀਆਂ ਗਈਆਂ, ਕੁਝ ਦਿਨ ਇਹ ਅਖ਼ਬਾਰਾਂ, ਟੀਵੀ ਚੈਨਲਾਂ ਤੇ ਪੰਜਾਬ ਦੀਆਂ ਸੱਥਾਂ ਵਿਚ ਚਰਚਾ ਦਾ ਵਿਸ਼ਾ ਬਣੀਆਂ ਪਰ ਕਾਰਵਾਈ ਨਹੀਂ ਹੋਈ। ਕਾਲੀ ਨੇ ਦੱਸਿਆ ਕਿ ਲੁਧਿਆਣਾ ਤੋਂ ਐੱਮਪੀ ਰਵਨੀਤ ਬਿੱਟੂ ਨੇ ਕਿਹਾ ਕਿ ਤਰਨਤਾਰਨ 'ਚ ਨਕਲੀ ਤੇ ਜ਼ਹਿਰੀਲੀ ਸ਼ਰਾਬ ਕਾਂਡ ਨਾਲ ਸਬੰਧਤ ਸਿਆਸੀ ਆਗੂਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹ ਉਸ ਦਾ ਦੋਗਲਾਪਣ ਹੈ। ਕਿਉਂਕਿ ਖੰਨਾ ਨਕਲੀ ਸ਼ਰਾਬ ਫੈਕਟਰੀ 'ਚ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤਾਂ ਉਨ੍ਹਾਂ ਦਾ ਭਰਾ ਹੈ ਅਤੇ ਹਲਕਾ ਪਾਇਲ ਤੋਂ ਕੋਟਲੀ ਪਰਿਵਾਰ ਵੱਲੋਂ ਜਿਤਾਏ ਗਏ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ 'ਤੇ ਕਾਰਵਾਈ ਲਈ ਮੂੰਹ ਨਹੀਂ ਖੋਲਿ੍ਹਆ। ਜਦਕਿ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਖਾਸਮ-ਖਾਸ ਕੁਲਵਿੰਦਰ ਸਿੰਘ (ਕਾਲਾ ਕੱਦੋਂ) ਖੰਨਾ ਨਕਲੀ ਸ਼ਰਾਬ ਫੈਕਟਰੀ ਦੀ ਸਪਲਾਈ ਕਾਰਨ ਜੇਲ੍ਹ 'ਚ ਬੰਦ ਹੈ।

-ਹਲਕਾ ਵਿਧਾਇਕਾਂ ਤੇ ਮੰਤਰੀਆਂ ਦੀ ਸ਼ਮੂਲੀਅਤ ਹੋਈ ਜੱਗ ਜਾਹਰ : ਪੌਂਪੀ

ਕੋਰ ਕਮੇਟੀ ਯੂਥ ਅਕਾਲੀ ਦਲ ਦੇ ਮੈਂਬਰ ਪਰਮਪ੍ਰਰੀਤ ਸਿੰਘ ਪੌਂਪੀ ਨੇ ਕਿਹਾ ਕਿ ਜਦੋਂ ਤੋਂ ਪੰਜਾਬ 'ਚ ਕੈਪਟਨ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦੋ ਨੰਬਰ ਦੇ ਢੰਗ ਨਾਲ ਪੈਸੇ ਬਣਾਉਣ ਦੇ ਧੰਦੇ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ। ਇਨ੍ਹਾਂ 'ਚ ਨਕਲੀ ਸ਼ਰਾਬ ਬਣਾਉਣ ਦਾ ਕੰਮ ਦੋ ਨੰਬਰ ਦੇ ਧੰਦਿਆਂ 'ਚ ਪਹਿਲੇ ਨੰਬਰ 'ਤੇ ਹੈ। ਇਸ ਨਕਲੀ ਸ਼ਰਾਬ ਕਾਂਡ 'ਚ ਕੈਪਟਨ ਸਰਕਾਰ ਦੇ ਹਲਕਾ ਵਿਧਾਇਕ ਤੇ ਸਰਕਾਰ ਦੇ ਮੰਤਰੀ ਇਸ ਮਾਮਲੇ 'ਚ ਪੂਰੀ ਤਰ੍ਹਾਂ ਨੰਗੇ ਚਿੱਟੇ ਹੋ ਗਏ ਹਨ, ਕਿਉਂਕਿ ਪੰਜਾਬ 'ਚ ਵੱਡੇ ਪੱਧਰ 'ਤੇ ਨਕਲੀ ਸ਼ਰਾਬ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਹਲਕਾ ਵਿਧਾਇਕਾਂ ਤੇ ਮੰਤਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਹੋ ਰਹੀ ਹੈ। ਕੋਈ ਗਲਤ ਕੰਮ ਹਲਕਾ ਵਿਧਾਇਕ ਜਾਂ ਮੰਤਰੀ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ 'ਚ ਇਨ੍ਹਾਂ ਆਗੂਆਂ ਦੀਆਂ ਹਿੱਸੇਦਾਰੀਆਂ ਰੱਖੀਆਂ ਹੋਈਆਂ ਹਨ। ਜਿੱਥੇ ਇਹ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ, ਉੱਥੇ ਆਪਣੀ ਹੀ ਸਰਕਾਰ ਨੂੰ ਚੂਨਾ ਲਾ ਕੇ ਜੇਬਾਂ ਭਰ ਰਹੇ ਹਨ। ਉਨ੍ਹਾਂ ਮੰਗ ਕੀਤੀ ਹਲਕਾ ਵਿਧਾਇਕਾਂ ਦੀ ਸੰਪਤੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਨੇ ਸਾਢੇ ਤਿੰਨ ਸਾਲਾਂ ਦੌਰਾਨ ਕੀ ਬਣਾਇਆ।

ਲੋਕਾਂ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨੈਤਿਕ ਦੇ ਅਧਾਰ 'ਤੇ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਤੇ ਨਕਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਪੜਤਾਲ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਜੋ ਪਰਦੇ ਦੇ ਪਿਛਲੇ ਚਿਹਰੇ ਸਾਹਮਣੇ ਆ ਸਕਣ।