- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 22, 61 ਅਤੇ 85 ਦੇ ਨਾਲ-ਨਾਲ ਪ੍ਰਿਜ਼ਨ ਐਕਟ ਦੀ ਧਾਰਾ 52-ਏ ਤਹਿਤ ਸੁਖਚੈਨ ਸਿੰਘ, ਬਲਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਖ਼ਿਲਾਫ਼ ਨਵਾਂ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇ ਪੜਾਅ ਦੀ ਜਾਂਚ ਏਐੱਸਆਈ ਦਿਨੇਸ਼ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ । ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਐਨਡੀਪੀਐਸ ਐਕਟ ਦੇ ਦੋ ਹਵਾਲਾਤੀਆਂ ਤੱਕ ਨਸ਼ੀਲਾ ਪਦਾਰਥ ਪਹੁੰਚਾਉਣ ਦੀ ਕੋਸ਼ਿਸ਼ ਨੂੰ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ। ਮੁਲਾਕਾਤ ਦੇ ਬਹਾਨੇ ਜੇਲ੍ਹ ਪਹੁੰਚੇ ਇੱਕ ਵਿਅਕਤੀ ਕੋਲੋਂ ਸ਼ੱਕ ਦੇ ਆਧਾਰ 'ਤੇ ਕੀਤੀ ਗਈ ਤਲਾਸ਼ੀ ਦੌਰਾਨ 8 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਨੇ ਜੇਲ੍ਹ ਵਿੱਚ ਬੰਦ ਦੋਵੇਂ ਹਵਾਲਾਤੀਆਂ ਅਤੇ ਨਸ਼ਾ ਲੈ ਕੇ ਆਏ ਉਨ੍ਹਾਂ ਦੇ ਰਿਸ਼ਤੇਦਾਰ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਨਵਾਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਲਾਕਾਤ ਲਈ ਆਇਆ ਸੀ ਚਾਚੇ ਦਾ ਪੁੱਤਰ
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੇਂਦਰੀ ਜੇਲ੍ਹ ਲੁਧਿਆਣਾ ਦੇ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਵਾਲਾਤੀ ਬਲਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਸਕੇ ਭਰਾ ਹਨ। ਮੁਲਜ਼ਮਾਂ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਚਾਚੇ ਦਾ ਬੇਟਾ ਸੁਖਚੈਨ ਸਿੰਘ ਜੇਲ੍ਹ ਪਹੁੰਚਿਆ ਸੀ। ਮੁਲਾਕਾਤ ਤੋਂ ਪਹਿਲਾਂ ਸੀਆਰਪੀਐਫ ਦੇ ਜਵਾਨਾਂ ਅਤੇ ਜੇਲ੍ਹ ਸੁਰੱਖਿਆ ਕਰਮਚਾਰੀਆਂ ਨੂੰ ਸੁਖਚੈਨ ਸਿੰਘ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ। ਜਿਸ ਦੇ ਚਲਦਿਆਂ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਸੁਖਚੈਨ ਦੇ ਕਬਜ਼ੇ ਵਿਚੋਂ 8 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਬਰਾਮਦ ਹੋਇਆ।
ਜੇਲ੍ਹ ਅੰਦਰ ਨਸ਼ਾ ਪਹੁੰਚਾਉਣ ਦੀ ਸੀ ਕੋਸ਼ਿਸ਼
ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਚੈਨ ਸਿੰਘ ਜੇਲ੍ਹ ਵਿੱਚ ਬੰਦ ਆਪਣੇ ਰਿਸ਼ਤੇਦਾਰਾਂ ਬਲਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਤੱਕ ਨਸ਼ੀਲਾ ਪਦਾਰਥ ਪਹੁੰਚਾਉਣ ਦੇ ਇਰਾਦੇ ਨਾਲ ਇਹ ਪਾਊਡਰ ਆਪਣੇ ਨਾਲ ਲੈ ਕੇ ਆਇਆ ਸੀ। ਦੋਵੇਂ ਭਰਾ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਹਵਾਲਾਤੀ ਵਜੋਂ ਬੰਦ ਹਨ।
ਡਰੱਗ ਕਿੱਟ ਦੀ ਮਦਦ ਨਾਲ ਕੀਤੀ ਗਈ ਜਾਂਚ
ਬਰਾਮਦ ਕੀਤੇ ਗਏ ਪਦਾਰਥ ਦੀ ਡਰੱਗ ਡਿਟੈਕਸ਼ਨ ਕਿੱਟ ਰਾਹੀਂ ਜਾਂਚ ਕੀਤੀ ਗਈ, ਜਿਸ ਦੌਰਾਨ ਨਸ਼ੀਲਾ ਪਦਾਰਥ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 22, 61 ਅਤੇ 85 ਦੇ ਨਾਲ-ਨਾਲ ਪ੍ਰਿਜ਼ਨ ਐਕਟ ਦੀ ਧਾਰਾ 52-ਏ ਤਹਿਤ ਸੁਖਚੈਨ ਸਿੰਘ, ਬਲਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਖ਼ਿਲਾਫ਼ ਨਵਾਂ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇ ਪੜਾਅ ਦੀ ਜਾਂਚ ਏਐੱਸਆਈ ਦਿਨੇਸ਼ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
ਜੇਲ੍ਹ ਸੁਰੱਖਿਆ 'ਤੇ ਉਠੇ ਸਵਾਲ
ਇਸ ਘਟਨਾ ਨੇ ਇਕ ਵਾਰ ਫਿਰ ਜੇਲ੍ਹਾਂ ਵਿੱਚ ਨਸ਼ਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਅਤੇ ਇਸ ਨੈੱਟਵਰਕ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਹਾਲਾਂਕਿ ਇਸ ਵਾਰ ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਕਾਰਨ ਨਸ਼ਾ ਜੇਲ੍ਹ ਅੰਦਰ ਪਹੁੰਚਣ ਤੋਂ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ।