ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਸੀਆਈਏ ਸਟਾਫ਼ ਦੀ ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਹੋਲਸੇਲਰ ਅਤੇ ਰਿਟੇਲਰਾਂ ਨੂੰ ਤਿੰਨ ਲੱਖ ਤੀਹ ਹਜ਼ਾਰ ਨਸ਼ੇ ਦੀ ਗੋਲੀਆਂ ਸਣੇ ਗਿ੍ਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਜਗਰਾਓਂ ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਜਨਕ ਰਾਜ, ਸਬ-ਇੰਸਪੈਕਟਰ ਜਸਵਿੰਦਰ ਸਿੰਘ ਅਤੇ ਏਐੱਸਆਈ ਭਗਵਾਨ ਸਿੰਘ ਦੀ ਅਗਵਾਈ ਵਿਚ ਟੀਮ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਮਲਕ ਚੌਕ ਨਾਕਾ ਲਾ ਕੇ ਬਲਜੀਤ ਸਿੰਘ ਉਰਫ ਬੌਬੀ ਪੁੱਤਰ ਕੁਲਦੀਪ ਸਿੰਘ ਵਾਸੀ ਤਲਵੰਡੀ ਭਾਈ ਅਤੇ ਰਵੀ ਕੁਮਾਰ ਪੁੱਤਰ ਨੰਦ ਲਾਲ ਯਾਦਵ ਵਾਸੀ ਹੈਬੋਵਾਲ ਖੁਰਦ ਲੁਧਿਆਣਾ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ 18 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ।

ਦੋਵਾਂ ਨੇ ਪੁਲਿਸ ਰਿਮਾਂਡ ਦੌਰਾਨ ਦੱਸਿਆ ਕਿ ਉਹ ਲੁਧਿਆਣਾ ਦੇ ਹੋਲਸੇਲਰ ਕੋਲੋਂ ਇਹ ਗੋਲੀਆਂ ਲੈ ਕੇ ਸਪਲਾਈ ਕਰਦੇ ਹਨ, ਜਿਸ 'ਤੇ ਪੁਲਿਸ ਨੇ ਹੋਲਸੇਲਰ ਸਾਹਿਲ ਜਿੰਦਲ ਪੁੱਤਰ ਪਵਨ ਜਿੰਦਲ ਵਾਸੀ ਲੁਧਿਆਣਾ ਦੇ ਜੱਸੀਆਂ ਰੋਡ ਸਥਿਤ ਗੋਦਾਮ 'ਚ ਛਾਪਾ ਮਾਰਿਆ।

ਇਸ ਛਾਪੇਮਾਰੀ ਦੌਰਾਨ ਟੀਮ ਨੂੰ 2 ਲੱਖ 82 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਸਾਹਿਲ ਜਿੰਦਲ ਜੋ ਲੁਧਿਆਣਾ ਦੀ ਲੀਸਾ ਮਾਰਕੀਟ ਵਿਚ ਸਾਹਿਲ ਮੈਡੀਕੋਜ਼ ਦੇ ਨਾਂ 'ਤੇ ਦਵਾਈਆਂ ਦੀ ਦੁਕਾਨ ਕਰਦਾ ਹੈ। ਸਬ-ਇੰਸਪੈਕਟਰ ਜਨਕ ਰਾਜ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਿਲ ਜਿੰਦਲ ਵੱਲੋਂ ਲੁਧਿਆਣਾ 'ਚ ਹੋਰ ਥਾਂ ਰੱਖੀਆਂ ਗਈਆਂ 30 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਗੇ ਦੀ ਕਾਰਵਾਈ ਜਾਰੀ ਹੈ।