ਐੱਸਪੀ ਜੋਸ਼ੀ, ਲੁਧਿਆਣਾ : ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੀ ਟੀਮ ਨੇ 62 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਦੀ ਪਛਾਣ ਪਿੰਡ ਕੁੱਲੀਆਂਵਾਲ ਦੇ ਰਹਿਣ ਵਾਲੇ ਤਰਨਜੀਤ ਸਿੰਘ (30) ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਲੁਧਿਆਣਾ ਰੇਂਜ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਰੂਪ 'ਚ ਸੂਚਨਾ ਮਿਲੀ ਸੀ ਕਿ ਇਕ ਨਸ਼ਾ ਤਸਕਰ ਜਮਾਲਪੁਰ ਚੌਕ ਵੱਲੋਂ ਮੁੰਡੀਆਂ ਕਲਾਂ ਵੱਲ ਨਸ਼ੇ ਦੀ ਸਪਲਾਈ ਦੇਣ ਆ ਰਿਹਾ ਹੈ। ਉਕਤ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਤਰਨਜੀਤ ਸਿੰਘ ਨਾਮ ਦੇ ਮੁਲਜ਼ਮ ਨੂੰ ਕਰਮ ਹਸਪਤਾਲ ਜਮਾਲਪੁਰ ਇਲਾਕੇ 'ਚੋਂ ਗਿ੍ਫਤਾਰ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਆਪਣੀ ਜੁਪੀਟਰ ਸਕੂਟਰੀ ਵਿਚ ਹੈਰੋਇਨ ਲੈ ਕੇ ਸਪਲਾਈ ਦੇਣ ਜਾ ਰਿਹਾ ਸੀ, ਉਸਦੀ ਸਕੂਟਰੀ ਵਿਚੋਂ 62 ਗ੍ਰਾਮ ਹੈਰੋਇਨ ਬਰਾਮਦ ਹੋਈ। ਸ਼ੁਰੂਆਤੀ ਪੁੱਛ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਉਕਤ ਮੁਲਜ਼ਮ ਕਰੀਬ 10 ਸਾਲ ਤੋਂ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ। ਮੁਲਜ਼ਮ ਨੇ ਇਹ ਹੈਰੋਇਨ ਤਾਜਪੁਰ ਰੋਡ ਦੇ ਰਾਮਾਂ ਨਾਮ ਦੇ ਤਸਕਰ ਕੋਲੋਂ ਖਰੀਦੀ ਸੀ ਅਤੇ ਹੁਣ ਪ੍ਰਚੂਨ ਵਿਚ ਸਪਲਾਈ ਦੇਣੀ ਸੀ। ਪੁਲਿਸ ਮੁਤਾਬਕ ਮੁਲਜ਼ਮ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਇਰਾਦਾ ਕਤਲ ਦੇ ਦੋਸ਼ 'ਚ ਪਰਚਾ ਦਰਜ ਹੈ। ਪੁਲਿਸ ਅਧਿਕਾਰੀਆਂ ਨੂੰ ਆਸ ਹੈ ਕਿ ਵਧੇਰੇ ਪੁੱਛਗਿੱਛ ਦੌਰਾਨ ਇਸ ਰੈਕੇਟ ਨਾਲ ਜੁੜੇ ਹੋਰ ਮੁਲਜ਼ਮਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।