ਪੱਤਰ ਪ੍ਰੇਰਕ, ਖੰਨਾ : ਖੰਨਾ ਦੇ ਅਮਲੋਹ ਰੋਡ ਮਾਡਲ ਟਾਊਨ ਵਿਖੇ ਇੱਕੀ ਸਾਲਾ ਨੌਜਵਾਨ ਦੀ ਮੌਤ ਹੋ ਗਈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਹੋਈ ਹੈ। ਮਿ੍ਤਕ ਦੇ ਭਰਾ ਗੁਲਸ਼ਨ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪ੍ਰਿੰਸ ਖੰਨਾ ਦੇ ਅਮਲੋਹ ਰੋਡ ਵਿਖੇ ਸੈਲੂਨ 'ਤੇ ਕੰਮ ਕਰਦਾ ਸੀ।

ਅੱਜ ਦੁਪਹਿਰੇ ਘਰ 'ਚ ਬਿਲਕੁਲ ਇਕੱਲਾ ਸੀ। ਉਸਦੀ ਮਾਤਾ ਲੋਕਾਂ ਦੇ ਘਰਾਂ 'ਚ ਮਜ਼ਦੂਰੀ ਦਾ ਕੰਮ ਕਰਦੀ ਹੈ। ਦੁਪਹਿਰ ਮੌਕੇ ਜਦੋਂ ਉਸਦੀ ਭੈਣ ਨੇ ਆ ਕੇ ਦੇਖਿਆ ਤਾਂ ਉਸਦਾ ਭਰਾ ਮੰਜੇ 'ਤੇ ਬੇਹੋਸ਼ੀ ਦੀ ਹਾਲਤ 'ਚ ਪਿਆ ਸੀ। ਤੁਰੰਤ ਐਂਬੂਲੈਂਸ ਰਾਹੀਂ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਇਸ ਮੌਕੇ ਮਿ੍ਤਕ ਦੇ ਭਰਾ ਗੁਲਸ਼ਨ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਤੇ ਨਸ਼ੇ ਦੇ ਸੁਦਾਗਰਾਂ ਨੂੰ ਜਲਦੀ ਹੀ ਨੱਥ ਪਾਈ ਜਾਵੇ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ਼ ਨਾ ਬੁੱਝੇ।