ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਦੋਸਤਾਂ ਵੱਲੋਂ ਫੈਕਟਰੀ ਮਾਲਕ ਨੂੰ ਨਸ਼ੇ ਦੀ ਓਵਰਡੋਜ਼ ਦੇਣਾ ਉਸ ਦੀ ਮੌਤ ਦਾ ਕਾਰਨ ਬਣ ਗਿਆ। ਚੰਡੀਗੜ੍ਹ ਰੋਡ 'ਤੇ ਪੈਂਦੇ ਪਿੰਡ ਚੱਕ ਸਵਰਨ ਨਾਥ ਕੋਲ ਨੌਜਵਾਨ ਨੂੰ ਕਾਰ 'ਚ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ।ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਾਮਲੇ 'ਚ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਗੁਰੂ ਨਾਨਕ ਨਗਰ ਭਾਮੀਆਂ ਰੋਡ ਲੁਧਿਆਣਾ ਦੇ ਰਹਿਣ ਵਾਲੇ ਪ੍ਰੇਮ ਖੇੜਾ ਦੇ ਬਿਆਨਾਂ 'ਤੇ ਮ੍ਰਿਤਕ ਵਿਸ਼ਾਲ ਖੇੜਾ(30) ਦੇ ਦੋਸਤ ਮੋਤੀ ਨਗਰ ਦੇ ਰਹਿਣ ਵਾਲੇ ਹਰਜੀਤ ਸਿੰਘ ਉਰਫ਼ ਵਿੱਕੀ ਤੇ ਬੀਕੇ ਇਸਟੇਟ ਦੇ ਵਾਸੀ ਸਮਰਾਟ ਉਰਫ ਮਿੱਠੂ ਖ਼ਿਲਾਫ਼ ਗ਼ੈਰ ਇਰਾਦਤਨ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪ੍ਰੇਮ ਖੇੜਾ ਨੇ ਦੱਸਿਆ ਕਿ ਸ਼ਾਮ ਵੇਲੇ ਉਨ੍ਹਾਂ ਦਾ ਬੇਟਾ ਵਿਸ਼ਾਲ ਖੇੜਾ ਚੰਡੀਗੜ੍ਹ ਰੋਡ 'ਤੇ ਪੈਂਦੀ ਆਪਣੀ ਫੈਕਟਰੀ 'ਚੋਂ ਕਾਰ 'ਤੇ ਸਵਾਰ ਹੋ ਕੇ ਘਰ ਆਉਣ ਲਈ ਨਿਕਲਿਆ ਪਰ ਦੇਰ ਰਾਤ ਤਕ ਵੀ ਉਹ ਘਰ ਨਾ ਪਰਤਿਆ। ਤਲਾਸ਼ ਕਰਨ 'ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਵਿਸ਼ਾਲ ਦੀ ਕਾਰ ਪਿੰਡ ਚੱਕ ਸਵਰਨ ਨਾਥ ਦੇ ਕੋਲ ਖੜ੍ਹੀ ਹੈ। ਵਿਸ਼ਾਲ ਕਾਰ ਵਿੱਚ ਬੇਸੁੱਧ ਪਾਇਆ ਗਿਆ। ਇਸੇ ਦੌਰਾਨ ਪ੍ਰੇਮ ਖੇੜਾ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਨੂੰ ਹਰਜੀਤ ਸਿੰਘ ਤੇ ਸਮਾਰਟ ਨੇ ਚਿੱਟੇ ਦੀ ਓਵਰਡੋਜ਼ ਦਿੱਤੀ ਹੈ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਵਿਸ਼ਾਲ ਖੇੜਾ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ।

ਇਸ ਮਾਮਲੇ ਵਿਚ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਪ੍ਰੇਮ ਖੇੜਾ ਦੇ ਬਿਆਨਾਂ ਉਪਰ ਹਰਜੀਤ ਸਿੰਘ ਉਰਫ਼ ਵਿੱਕੀ ਤੇ ਸਮਰਾਟ ਉਰਫ ਮਿੱਠੂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਬੁੱਧਵਾਰ ਦੁਪਹਿਰ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਕਾਬਲੇਗੌਰ ਹੈ ਕਿ ਵਿਸ਼ਾਲ ਖੇੜਾ, ਵਿੱਕੀ ਤੇ ਸਮਾਰਟ ਦੋਸਤ ਸਨ। ਵਿਸ਼ਾਲ ਨੇ ਹਰਜੀਤ ਸਿੰਘ ਉਰਫ਼ ਵਿੱਕੀ ਕੋਲੋਂ ਹੀ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਰੋਡ 'ਤੇ ਪੈਂਦੀ ਫੈਕਟਰੀ ਖਰੀਦੀ ਸੀ। ਜਿਸ ਤੋਂ ਬਾਅਦ ਦੋਵੇਂ ਨੌਜਵਾਨ ਵਿਸ਼ਾਲ ਨੂੰ ਲਗਾਤਾਰ ਮਿਲਣ ਲੱਗ ਪਏ। ਵਿਸ਼ਾਲ ਦੇ ਪਿਤਾ ਦਾ ਕਹਿਣਾ ਹੈ ਕਿ ਨੌਜਵਾਨਾਂ ਵੱਲੋਂ ਦਿੱਤੀ ਗਈ ਓਵਰਡੋਜ਼ ਦੇ ਚੱਲਦਿਆਂ ਹੀ ਉਨ੍ਹਾਂ ਦੇ ਬੇਟੇ ਦੀ ਮੌਤ ਹੋਈ ਹੈ। ਮਾਮਲੇ 'ਚ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਿਸਰਾ ਜਾਂਚ ਲਈ ਭੇਜ ਦਿੱਤਾ ਹੈ।

Posted By: Amita Verma