ਪੱਤਰ ਪ੍ਰੇਰਕ, ਖੰਨਾ : ਖੰਨਾ ਪੁਲਿਸ ਨੇ ਇਕ ਕਿੱਲੋ ਹੈਰੋਇਨ ਸਣੇ ਇਕ ਅੌਰਤ ਨੂੰ ਕਾਬੂ ਕੀਤਾ ਹੈ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦਿੱਲੀ ਦੀ ਰਹਿਣ ਵਾਲੀ ਅੌਰਤ ਬੱਸ 'ਚ ਬੈਠ ਕੇ ਆ ਰਹੀ ਸੀ, ਜਿਸ ਦੇ ਬੈੱਗ 'ਚੋਂ ਹੈਰੋਇਨ ਬਰਾਮਦ ਹੋਈ। ਇਹ ਦਾਅਵਾ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਕਰਦਿਆਂ ਦੱਸਿਆ ਕਿ ਜਗਵਿੰਦਰ ਸਿੰਘ ਚੀਮਾ ਪੁਲਿਸ ਕਪਤਾਨ (ਆਈ) ਖੰਨਾ, ਤਰਲੋਚਨ ਸਿੰਘ ਡਿਪਟੀ (ਆਈ) ਖੰਨਾ, ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀਆਈਏ ਖੰਨਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਜਤਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਜਗਜੀਵਨ ਰਾਮ ਨੇ ਪੁਲਿਸ ਪਾਰਟੀ ਸਮੇਤ ਜੀਟੀ ਰੋਡ ਅਲੌੜ ਖੰਨਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਹੌਲੀ ਰਫ਼ਤਾਰ ਹੋਈ ਬੱਸ 'ਚੋਂ ਇਕ ਅੌਰਤ ਉੱਤਰ ਕੇ ਲਿੰਕ ਰੋਡ ਵੱਲ ਨੂੰ ਜਾਣ ਲੱਗੀ। ਉਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਨਾਂ ਮੈਲੋਡੀ ਯੋਧਾਨਪਰੀ ਪਤਨੀ ਲਾਲਥਨਪਰਾ ਵਾਸੀ ਮੈਲਥੰਮ ਏਜਲਾਸ, ਜ਼ਿਲ੍ਹਾ ਏਜਲਾਸ, ਮਿਜੋਰਾਮ ਹਾਲ ਵਾਸੀ ਸੀ-1 ਬਲਾਕ ਜਨਕਪੁਰੀ ਨਿਊ ਦਿੱਲੀ ਦੱਸਿਆ। ਅੌਰਤ ਦੇ ਬੈੱਗ 'ਚੋਂ ਤਲਾਸ਼ੀ ਲੈਣ 'ਤੇ ਇਕ ਕਿੱਲੋ ਹੈਰੋਇਨ ਬਰਾਮਦ ਹੋਈ। ਮੈਲੋਡੀ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਐੱਸਐੱਸਪੀ ਗੁਰਸ਼ਰਨਦੀਪ ਸਿੰਘ ਨੇ ਦੱਸਿਆ ਕਿ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਅੌਰਤ ਹੈਰੋਇਨ ਦੀ ਖੇਪ ਦਿੱਲੀ ਤੋਂ ਲੈ ਕੇ ਆਈ ਸੀ ਤੇ ਦੁਆਬਾ ਇਲਾਕੇ 'ਚ ਇਸ ਦੀ ਸਪਲਾਈ ਦੇਣੀ ਸੀ। ਉਸ ਕੋਲੋਂ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।

2ਕੇਐਚਏ-12ਪੀ