ਅਮਨਪ੍ਰੀਤ ਸਿੰਘ ਚੌਹਾਨ, ਲੁਧਿਆਣਾ

ਚੰਡੀਗੜ੍ਹ ਰੋਡ ਇਲਾਕੇ ਬਣੇ ਐੱਸਡੀਐੱਮ ਵਾਲੇ ਆਟੋਮੇਟਡ ਡਰਾਈਵ ਟੈਸਟ ਸੈਂਟਰ 'ਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਸਤੇ ਆਉਣ ਵਾਲੇ ਬਿਨੈਕਾਰਾਂ ਲਈ ਕੋਈ ਹੈਲਪ ਡੈਸਕ ਨਾ ਹੋਣ ਕਾਰਨ ਦਲਾਲ ਸਰਗਰਮ ਹੋ ਰਹੇ ਹਨ।

ਤਾਜਾ ਮਿਸਾਲ ਵੀਰਵਾਰ ਨੂੰ ਡਰਾਈਵ ਟੈਸਟ ਸੈਂਟਰ ਤੇ ਦੇਖਣ ਨੂੰ ਮਿਲੀ, ਜਦ ਇੱਥੇ ਖੜ੍ਹੇ ਦਲਾਲ ਨੇ ਸੈਂਟਰ 'ਤੇ ਕੰਮ ਕਰਵਾਉਣ ਲਈ ਆਉਣ ਵਾਲੇ ਬਿਨੈਕਾਰਾਂ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਿਨੈਕਾਰਾਂ ਵੱਲੋਂ ਵਰਤੀ ਗਈ ਚੁਸਤੀ ਨਾਲ ਰੁਪਏ ਇਕੱਠੇ ਕਰ ਕੇ ਭੱਜਣ ਸਮੇਂ ਦਲਾਲ ਅੜਿੱਕੇ ਆ ਗਿਆ। ਮਿਲੀ ਜਾਣਕਾਰੀ ਮੁਤਾਬਕ ਡਰਾਈਵ ਟੈਸਟ ਸੈਂਟਰ ਦੇ ਨਾਲ ਹੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਵਾਲੀ ਠੇਕਾ ਕੰਪਨੀ ਵੱਲੋਂ ਦਫ਼ਤਰ ਬਣਾ ਕੇ ਵਾਹਨਾਂ ਤੇ ਨੰਬਰ ਪਲੇਟਾਂ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮਗਰ ਪਈ ਖ਼ਾਲੀ ਥਾਂ 'ਤੇ ਬਿਨੈਕਾਰਾਂ ਵੱਲੋਂ ਨੰਬਰ ਪਲੇਟਾਂ ਦੀ ਸਰਕਾਰੀ ਫ਼ੀਸ ਅਦਾ ਕਰਨ ਤੋਂ ਬਾਅਦ ਦਿੱਤੇ ਟੋਕਨ ਤਹਿਤ ਨੰਬਰ ਪਲੇਟਾਂ ਬਣ ਜਾਣ ਤੋਂ ਬਾਅਦ ਵਾਹਨਾਂ 'ਤੇ ਫਿੱਟ ਕੀਤੀਆਂ ਜਾਂਦੀਆਂ ਹਨ। ਜਦਕਿ ਆਪਣੀ ਵਾਰੀ ਦੀ ਉਡੀਕ ਕਰ ਰਹੇ ਦੁਪਹੀਆ ਵਾਹਨ ਚਾਲਕ ਕੋਲ ਸੋਨੂੰ (ਦਲਾਲ) ਆਇਆ ਅਤੇ ਉਸ ਨੇ ਧਨ ਦੀ ਮੰਗ ਕਰ ਕੇ ਜਲਦੀ ਵਾਹਨ ਤੇ ਨੰਬਰ ਪਲੇਟ ਲਗਾਉਣ ਵਾਸਤੇ ਕਿਹਾ ਤਾਂ ਬਿਨੈਕਾਰ, ਸੋਨੂੰ ਦੇ ਝਾਂਸੇ 'ਚ ਆ ਗਏ ਅਤੇ ਉਸ ਨੂੰ ਪੈਸੇ ਦੇ ਕੇ ਉਸੇ ਥਾਂ 'ਤੇ ਆਪਣੇ ਵਾਹਨ 'ਤੇ ਨੰਬਰ ਪਲੇਟ ਲਾਉਣ ਲਈ ਉਡੀਕ ਕਰਨ ਲੱਗੇ। ਜਦਕਿ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਜਦ ਬਿਨੈਕਾਰਾਂ ਨੇ ਦਲਾਲ ਨੂੰ ਪੁੱਿਛਆ ਕਿ ਉਨ੍ਹਾਂ ਦੇ ਵਾਹਨਾਂ 'ਤੇ ਨੰਬਰ ਪਲੇਟ ਲੱਗਣ 'ਚ ਕਿੰਨਾ ਸਮਾਂ ਲੱਗੇਗਾ ਤਾਂ ਉਸ ਨੇ ਹੁਣੇ ਦਫ਼ਤਰ ਵਿੱਚੋਂ ਪਤਾ ਕਰ ਕੇ ਆਉਣ ਦਾ ਬਹਾਨਾ ਲਗਾ ਡਰਾਈਵ ਟੈਸਟ ਸੈਂਟਰ ਦੇ ਦੂਜੇ ਗੇਟ ਵੱਲ ਖਿਸਕਣ ਲੱਗਾ। ਇੰਨੇ 'ਚ ਉੱਥੇ ਖੜ੍ਹੇ ਇਕ ਬਿਨੈਕਾਰ ਦੀ ਦਲਾਲ਼ 'ਤੇ ਨਜ਼ਰ ਪੈ ਗਈ ਤੇ ਦਲਾਲ ਨੂੰ ਜਾ ਕੇ ਰੋਕ ਲਿਆ ਗਿਆ ਤਾਂ ਬਿਨੈਕਾਰਾਂ ਉਸ ਤੋਂ ਪੈਸੇ ਵਾਪਸ ਕਰਨ ਲਈ ਕਹਿਣ ਲੱਗੇ ਤਾਂ ਅੱਗਿਓਂ ਬਹਾਨੇਬਾਜ਼ੀ ਕਰ ਕੇ ਸੱਚਾ ਬਣਨ ਲਈ ਬਹਿਸ ਕਰਨ ਲੱਗ ਪਿਆ। ਜਿਸ 'ਤੇ ਗੁੱਸੇ ਵਿੱਚ ਆਏ ਬਿਨੈਕਾਰਾਂ ਨੇ ਦਲਾਲ ਦੀ ਕੁੱਟਮਾਰ ਕਰ ਦਿੱਤੀ। ਜਦਕਿ ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਦਲਾਲ ਨੂੰ ਫੜ ਕੇ ਸਬੰਧਤ ਥਾਣੇ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਪਤਾ ਲੱਗਾ ਕਿ ਕੁਝ ਹੋਰ ਲੋਕਾਂ ਨਾਲ ਵੀ ਇਸ ਦਲਾਲ ਨੇ ਲਾਇਸੈਂਸ ਬਣਵਾ ਕੇ ਦੇਣ ਵਾਸਤੇ ਹਜ਼ਾਰਾਂ ਰੁਪਏ ਲਏ ਹੋਏ ਸਨ, ਜਦਕਿ ਖਬਰ ਲਿਖਣ ਤਕ ਪੁਲਿਸ ਵੱਲੋਂ ਦਲਾਲ ਦੇ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਸੀ।