ਸਟਾਫ ਰਿਪੋਟਰ, ਲੁਧਿਆਣਾ : ਪ੍ਰਸਿੱਧ ਲੇਖਕ ਅਤੇ ਵਿਗਿਆਨੀ ਡਾ. ਫਕੀਰ ਚੰਦ ਸ਼ੁਕਲਾ ਨੂੰ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ, ਲਖਨਊ ਵੱਲੋਂ ਬਹੁਤ ਹੀ ਵੱਕਾਰੀ ਬਾਲ ਸਾਹਿਤ ਭਾਰਤੀ ਪੁਰਸਕਾਰ ਮਿਲਿਆ। ਇਹ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਾਲ ਸਾਹਿਤ ਲਈ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਪੁਰਸਕਾਰ ਵਿੱਚ 2.50 ਲੱਖ ਰੁਪਏ ਦਾ ਨਕਦ ਇਨਾਮ ਹੈ। ਇਹ ਪੁਰਸਕਾਰ ਜਲਦੀ ਹੀ ਲਖਨਊ ਵਿੱਚ ਦਿੱਤਾ ਜਾਵੇਗਾ।

ਭਾਈ ਰਣਧੀਰ ਸਿੰਘ ਨਗਰ ਦੇ ਵਸਨੀਕ ਡਾਕਟਰ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਐਵਾਰਡ ਬਾਰੇ ਕੁਝ ਦਿਨ ਪਹਿਲਾਂ ਪਤਾ ਲੱਗਾ ਸੀ। ਉਨ੍ਹਾਂ ਨੇ ਪੁਰਸਕਾਰ ਲਈ ਸੰਸਥਾਨ ਅਤੇ ਉੱਤਰ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕੀਤਾ। ਡਾ ਸ਼ੁਕਲਾ ਨੇ ਅੱਗੇ ਕਿਹਾ ਕਿ ਇਕ ਨਾ ਇਕ ਦਿਨ ਚੰਗੇ ਕੰਮ ਦੀ ਜਰੂਰ ਕਦਰ ਹੁੰਦੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਸ਼ੁਕਲਾ ਨੇ ਕਿਹਾ ਕਿ ਵਿਗਿਆਨੀ ਹੋਣ ਦੇ ਨਾਤੇ ਉਨ੍ਹਾਂ ਦਾ ਮੁੱਖ ਮਨੋਰਥ ਸਾਹਿਤ ਰਾਹੀਂ ਆਮ ਲੋਕਾਂ ਖਾਸ ਕਰਕੇ ਬੱਚਿਆਂ ਵਿੱਚ ਵਿਗਿਆਨਕ ਜਾਗਰੂਕਤਾ ਫੈਲਾਉਣਾ ਹੈ।

ਇਸ ਤੋਂ ਪਹਿਲਾਂ ਡਾ ਸ਼ੁਕਲਾ ਦੇ ਬਾਲ ਨਾਵਲ 'ਸਾਹਸੀ ਬੱਚੇ' ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ, ਪਟਿਆਲਾ ਵੱਲੋਂ ਨਵੰਬਰ 2021 ਵਿੱਚ ਬਾਲ ਸਾਹਿਤ ਦੀ ਸਰਵੋਤਮ ਪੁਸਤਕ ਵਜੋਂ ਸਨਮਾਨਿਤ ਕੀਤਾ ਗਿਆ ਸੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਫੂਡ ਟੈਕਨਾਲੋਜੀ ਵਿਭਾਗ ਤੋਂ ਸੇਵਾਮੁਕਤ ਪ੍ਰੋਫੈਸਰ ਡਾ ਸ਼ੁਕਲਾ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀ ਅਤੇ ਉੱਘੇ ਸਾਹਿਤਕਾਰ ਹਨ। ਉਹਨਾਂ ਨੇ ਵੱਖ-ਵੱਖ ਵਿਸ਼ਿਆਂ 'ਤੇ 60 ਤੋਂ ਵੱਧ ਕਿਤਾਬਾਂ ਲਿਖੀਆਂ ਹਨ - ਜਿਹੜੀਆਂ ਕਹਾਣੀਆਂ, ਨਾਟਕ, ਵਿਅੰਗ, ਬਾਲ ਸਾਹਿਤ ਅਤੇ ਸਿਹਤ ਨਾਲ ਸੰਬੰਧਿਤ ਹਨ। ਉਸ ਦੀਆਂ ਰਚਨਾਵਾਂ ਦਾ ਕੰਨੜ, ਬੰਗਲਾ, ਮਰਾਠੀ, ਮਲਿਆਲਮ, ਸਿੰਧੀ, ਗੁਜਰਾਤੀ, ਉਰਦੂ, ਤੇਲਗੂ, ਤਾਮਿਲ ਅਤੇ ਭੋਜਪੁਰੀ ਵਿੱਚ ਅਨੁਵਾਦ ਹੋਇਆ ਹੈ।

ਬਹੁਤ ਹੀ ਸਨਮਾਨਿਤ ਸ਼ਖਸੀਅਤ ਡਾ ਸ਼ੁਕਲਾ ਨੂੰ ਹੁਣ ਤੱਕ ਮਿਲੇਨੀਅਮ ਐਵਾਰਡ, ਸ਼੍ਰੋਮਣੀ ਸਾਹਿਤਕਾਰ ਐਵਾਰਡ, ਪੰਜਾਬ ਰਤਨ ਐਵਾਰਡ, 11 ਰਾਸ਼ਟਰੀ ਪੁਰਸਕਾਰਾਂ ਅਤੇ 16 ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਦਾ ਨਾਮ ਵਰਲਡ'ਜ਼ ਹੂ'ਜ਼ ਹੂ ਯਾਨੀ ਦੁਨੀਆਂ ਦਿਆਂ ਨਾਮੀ ਗਿਰਾਮੀ ਹਸਤੀਆਂ ਵਿਚ ਸ਼ਾਮਿਲ ਹੈ।

ਡਾ. ਸ਼ੁਕਲਾ ਦੁਆਰਾ ਵਿਗਿਆਨਕ ਵਿਸ਼ਿਆਂ 'ਤੇ ਲਿਖੇ ਨਾਟਕ ਵੱਖ-ਵੱਖ ਸਮੂਹਾਂ ਦੁਆਰਾ ਮੰਚਿਤ ਕੀਤੇ ਗਏ ਹਨ ਅਤੇ ਜਲੰਧਰ ਦੂਰਦਰਸ਼ਨ ਵੱਲੋਂ ਪ੍ਰਸਾਰਿਤ ਕੀਤੇ ਗਏ ਹਨ। ਉਹਨਾਂ ਦੀਆਂ ਲਿਖਤਾਂ ਪਾਠਕਾਂ ਵਿੱਚ ਖਾਸ ਕਰਕੇ ਬੱਚਿਆਂ ਵਿੱਚ ਵਿਗਿਆਨਕ ਭਾਵਨਾ ਪੈਦਾ ਕਰਦੀਆਂ ਹਨ।

Posted By: Jaswinder Duhra