ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ: ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਵਾਲੇ ਪ੍ਰਸਿੱਧ ਭੂਮੀ ਵਿਗਿਆਨੀ ਡਾ. ਦੇਵ ਰਾਜ ਭੂੰਬਲਾ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਡਾ. ਭੂੰਬਲਾ ਦਾ ਖੇਤੀ ਖੇਤਰ ਵਿੱਚ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੇ ਜਾਣ ਨਾਲ ਖੇਤੀ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਪੀਏਯੂ ਵਿੱਚ ਰਹਿੰਦਿਆਂ ਉਨ੍ਹਾਂ ਆਪਣੀਆਂ ਖੋਜਾਂ ਰਾਹੀਂ ਹਰੀ ਕ੍ਰਾਂਤੀ ਲਈ ਭਰਪੂਰ ਯੋਗਦਾਨ ਪਾਇਆ। ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਮਾਲੇਵਾਲ ਵਿਖੇ ਜਨਮੇ ਡਾ. ਭੂੰਬਲਾ ਆਪਣੇ-ਆਪ ਵਿੱਚ ਇੱਕ ਸੰਸਥਾ ਸਨ। ਉਨ੍ਹਾਂ ਭੂਮੀ ਵਿਗਿਆਨ, ਪਾਣੀ ਪ੍ਰਬੰਧਨ, ਖੇਤੀ ਅਤੇ ਮਿੱਟੀ ਦੀ ਸੋਧ ਦੇ ਖੇਤਰ ਵਿੱਚ ਜ਼ਿਕਰਯੋਗ ਕੰਮ ਕੀਤਾ।

ਆਪਣੇ ਕਾਰਜਕਾਲ ਦੌਰਾਨ ਉਹ ਕਈ ਰੁਤਬਿਆਂ 'ਤੇ ਬਿਰਾਜਮਾਨ ਰਹੇ। ਉਹ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸੈਂਟਰਲ ਸਾਇਲ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ, ਭੂਮੀ ਫ਼ਸਲ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਡਾਇਰੈਕਟਰ ਜਨਰਲ, ਭਾਰਤ ਸਰਕਾਰ ਦੇ ਖੇਤੀ ਕਮਿਸ਼ਨਰ ਅਤੇ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ।

ਉਨ੍ਹਾਂ ਨੂੰ ਅਨੇਕਾਂ ਕਾਰਜਾਂ ਬਦਲੇ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਯੂਨੀਵਰਸਿਟੀ ਨੇ ਕੰਢੀ ਖੇਤਰ ਵਿੱਚ ਬੱਲੋਵਾਲ ਸੌਂਖੜੀ ਕੇਂਦਰ ਦਾ ਨਾਂ ਡਾ. ਦੇਵ ਰਾਜ ਭੂੰਬਲਾ ਦੇ ਨਾਂ 'ਤੇ ਰੱਖਿਆ ਹੈ। 2018 ਵਿੱਚ ਪੀਏਯੂ ਵੱਲੋਂ ਡਾ. ਭੂੰਬਲਾ ਦੀ ਆਤਮ ਕਥਾ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਪੀਏਯੂ ਦੇ ਸਮੁੱਚੇ ਅਧਿਆਪਨ, ਗੈਰ ਅਧਿਆਪਨ ਅਮਲੇ, ਕਰਮਚਾਰੀਆਂ, ਕਿਸਾਨਾਂ ਅਤੇ ਖੇਤੀ ਖੇਤਰ ਨਾਲ ਜੁੜੇ ਹੋਰ ਲੋਕਾਂ ਦੇ ਮਨਾਂ ਵਿੱਚ ਡਾ. ਭੂੰਬਲਾ ਦੀ ਯਾਦ ਹਮੇਸ਼ਾ ਬਣੀ ਰਹੇਗੀ।