ਸਤਵਿੰਦਰ ਸ਼ਰਮਾ, ਲੁਧਿਆਣਾ

ਲੋਕ ਇਨਸਾਫ ਪਾਰਟੀ ਐੱਸਸੀ ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਾਜੇਸ਼ ਖੋਖਰ ਦੀ ਅਗਵਾਈ ਹੇਠ ਪਾਰਟੀ ਦੇ ਮੁੱਖ ਦਫਤਰ ਵਿਖੇ ਭਾਰਤ ਰਤਨ, ਸੰਵਿਧਾਨ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਦੇ ਸਰਪ੍ਰਸਤ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕੇਕ ਕੱਟਿਆ ਗਿਆ ਅਤੇ ਹਾਜ਼ਰ ਸੰਗਤ ਨੂੰ ਮਠਿਆਈ ਤੇ ਕੇਕ ਵੰਡ ਕੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀ ਖੁਸ਼ੀ ਮਨਾਈ। ਇਸ ਮੌਕੇ ਸੰਬੋਧਨ ਕਰਦਿਆਂ ਬੈਂਸ ਭਰਾਵਾਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਇਕ ਗਰੀਬ ਪਰਿਵਾਰ ਵਿਚੋਂ ਆਪਣੀ ਲਗਨ ਨਾਲ ਪੜ੍ਹ ਲਿੱਖ ਕੇ ਇਕ ਵਿਦਵਾਨ ਬਣੇ। ਜਿਨ੍ਹਾਂ ਨੇ ਆਪਣਾ ਜੀਵਨ ਦੱਬੇ ਕੁਚਲੇ ਲੋਕਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਵਿਚ ਲਗਾ ਦਿੱਤਾ। ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਬਣਾਉਦੇ ਸਮੇਂ ਦਲਿਤ ਸਮਾਜ ਨੂੰ ਜਿੱਥੇ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਉੱਥੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਅਧਿਕਾਰਾਂ ਦੀ ਵੰਡ ਵੀ ਬੜੇ ਸੁੱਚਜੇ ਢੰਗ ਨਾਲ ਕੀਤੀ, ਪਰ ਕੇਂਦਰ ਦੀ ਮੌਦੀ ਸਰਕਾਰ ਨੇ ਸੂਬਾ ਸਰਕਾਰਾਂ ਦੇ ਹੱਕਾਂ 'ਤੇ ਡਾਕਾ ਮਾਰਦੇ ਹੋਏ ਕਿਸਾਨ ਵਿਰੋਧੀ ਤਿੰਨ ਕੇਂਦਰੀ ਖੇਤੀ ਸੁਧਾਰ ਕਾਨੂੰਨ ਬਣਾ ਦਿੱਤੇ ਜਿਸ ਨਾਲ ਦੇਸ਼ ਦੇ ਸਾਰੇ ਕਿਸਾਨ ਕੁਝ ਕੁ ਕਾਰਪੋਰੇਟ ਘਰਾਣਿਆਂ ਦੇ ਬੰਧੂਆ ਮਜ਼ਦੂਰ ਬਣ ਕੇ ਰਹਿ ਜਾਣਗੇ।

ਇਸ ਮੌਕੇ ਉਪਰੋਕਤ ਆਗੂਆ ਤੋਂ ਇਲਾਵਾ ਪਾਰਟੀ ਦੇ ਜੱਥੇਬੰਦਕ ਸਕੱਤਰ ਬਲਦੇਵ ਸਿੰਘ ਪ੍ਰਧਾਨ, ਪੁਰਵਾਂਚਲ ਵਿੰਗ ਦੇ ਪੰਜਾਬ ਪ੍ਰਧਾਨ ਮਹਿੰਗੂ ਰਾਮ ਯਾਦਵ, ਹਲਕਾ ਆਤਮ ਨਗਰ ਦੇ ਕੋਆਰਡੀਨੇਟਰ ਜਸਪਾਲ ਸਿੰਘ ਰਿਐਤ, ਨੀਰਜ ਗੋਰਾ, ਪਵਨ ਚੱਢਾ, ਰਿਸ਼ੀ ਕੁਮਾਰ, ਵਾਰਡ ਪ੍ਰਧਾਨ ਰਵੀ ਕੁਮਾਰ, ਪੰਮਾ ਧਾਲੀਵਾਲ, ਦਰਸ਼ਨ ਸਿੰਘ, ਯੂਥ ਆਗੂ ਬੌਨੀ ਕੁਮਾਰ, ਸੁਨੀਲ ਨਾਗਰ, ਸੁੱਖਵਿੰਦਰ ਸਿੰਘ, ਰਾਮ ਸਿੰਘ ਭੱਟੀ, ਹਰਵਿੰਦਰ ਸਿੰਘ ਬਿੱਟੂ, ਸੋਹਣ ਸਿੰਘ ਆਦਿ ਹਾਜ਼ਰ ਸਨ।