ਰਾਜਨ ਸੁਦੇੜਾ, ਮੇਹਰਬਾਨ/ਲੁਧਿਆਣਾ

ਪਿਛਲੇ ਤਿੰਨ ਸਾਲ ਤੋਂ ਆਪਣੀ ਤਰਸਯੋਗ ਹਾਲਤ ਬਿਆਨ ਕਰਦੀ ਤੇ ਆਏ ਦਿਨੀਂ ਹਾਦਸਿਆਂ ਨੂੰ ਜਨਮ ਦੇ ਰਹੀ ਚੁੰਗੀ ਤੋਂ ਮੱਤੇਵਾੜਾ ਰਾਹੋਂ ਰੋਡ ਤੱਕ ਦੀ ਸੜ੍ਹਕ ਦੇ ਹੁਣ ਜਲਦ ਬਣਨ ਦੀਆਂ ਆਸਾਂ ਹਨ। ਲੋਕ ਸਭਾ ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਤੇ ਖਰਾ ਉਤਰਦਿਆਂ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਡਾ. ਅਮਰ ਸਿੰਘ ਬੋਪਾਰਏ ਨੇ ਸੜਕ ਦੇ ਜਲਦ ਬਣਾਏ ਜਾਣ ਦਾ ਭਰੋਸਾ ਦਿੱਤਾ ਹੈ। ਧੁੱਸੀ ਬੰਨ ਤੇ ਬੀਤੇ ਦਿਨੀਂ ਪਾਣੀ ਦੇ ਵਹਾਅ ਅਤੇ ਬੰਨ ਦੀ ਜਾਣਕਾਰੀ ਲੈਣ ਪਹੁੰਚੇ ਡਾ. ਅਮਰ ਸਿੰਘ ਬੋਪਾਰਏ ਨਾਲ ਜਦੋਂ ਪੰਜਾਬੀ ਜਾਗਰਣ ਵੱਲੋਂ ਲੋਕ ਮਸਲਿਆਂ ਦੇ ਮੱਦੇਨਜਰ ਸੜਕ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਮੁਤਾਬਿਕ ਹਰ ਕੰਮ ਨੂੰ ਸਮੇਂ ਅਨੁਸਾਰ ਨੇਪਰੇ ਚਾੜਿਆ ਜਾਵੇਗਾ। ਸੜਕ ਸਬੰਧੀ ਉਨ੍ਹਾਂ ਕਿਹਾ ਕਿ ਹਲਕੇ ਅੰਦਰ ਪੰਜ ਵੱਡੀਆਂ ਸੜ੍ਹਕਾਂ ਮਨਜੂਰ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਚੁੰਗੀ ਮੱਤੇਵਾੜਾ ਸੜ੍ਹਕ ਵੀ ਮਨਜੂਰ ਕਰਵਾਈ ਗਈ ਹੈ ਤੇ ਇਸ ਨੂੰ ਜਲਦ ਬਣਵਾ ਕੇ ਰਾਹਗੀਰਾਂ ਨੂੰ ਸੜਕ ਦੇ ਖੱਡਿਆਂ ਤੋਂ ਨਿਜਾਤ ਦਿਵਾਈ ਜਾਵੇਗੀ। ਇਸ ਸਮੇਂ ਉਨ੍ਹਾਂ ਦੇ ਨਾਲ ਸਰਪੰਚ ਗੁਰਨਾਮ ਸਿੰਘ ਗੜ੍ਹੀ ਫਾਜਲ, ਹਰਬਿਲਾਸ ਸਿੰਘ ਮੰਗਲੀ, ਜਸਵਿੰਦਰ ਸਿੰਘ ਬਾਜੜਾ, ਦਵਿੰਦਰ ਸਿੰਘ ਕੂੰਮਕਲਾਂ ਤੇ ਹੋਰ ਕਾਂਗਰਸੀ ਵੀ ਮੌਜੂਦ ਸਨ।