ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ: ਗੁੱਸੇ ਵਿਚ ਆਏ ਨਿਹੰਗ ਸਿੰਘ ਨੇ ਅਵਾਰਾ ਕੁੱਤੇ ਦੀ ਗਰਦਨ ਉੱਤੇ ਆਪਣੇ ਬਰਛੇ ਨਾਲ ਇੰਨੇ ਵਾਰ ਕੀਤੇ ਕਿ ਬਰਛਾ ਉਸ ਦੀ ਗਰਦਨ ਵਿੱਚੋਂ ਆਰ ਪਾਰ ਹੋ ਕੇ ਫਸ ਗਿਆ। ਗੰਭੀਰ ਜ਼ਖਮੀ ਹੋਏ ਕੁੱਤੇ ਨੂੰ ਪੀਪਲ ਫਾਰ ਐਨੀਮਲ ਸੰਸਥਾ ਦੇ ਕਾਰਕੁਨਾਂ ਨੇ ਵੈਟਰਨਰੀ ਹਸਪਤਾਲ ਦਾਖ਼ਲ ਕਰਵਾਇਆ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਤਹਿਤ ਆਉਂਦੀ ਚੌਕੀ ਬਸੰਤ ਪਾਰਕ ਦੀ ਪੁਲਿਸ ਨੇ ਨਿਹੰਗ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਸ ਬਾਰੇ ਪੀਪਲ ਫਾਰ ਐਨੀਮਲਜ਼ ਦੇ ਮੈਂਬਰ ਮਨੀ ਸਿੰਘ, ਰਾਜਨ ਬੇਦੀ, ਅੰਕਿਤ ਜੈਨ, ਦੀਪ ਅਰੋੜਾ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ਿਮਲਾਪੁਰੀ ਇਲਾਕੇ ਦੀ ਹੈ। ਦੇਰ ਰਾਤ ਨਿਹੰਗ ਸਿੰਘ ਸੜਕ ਤੋਂ ਨਿੱਕਲ ਰਿਹਾ ਸੀ, ਇਸੇ ਦੌਰਾਨ ਅਵਾਰਾ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ। ਇਸ ਦੌਰਾਨ ਨਿਹੰਗ ਸਿੰਘ ਨੇ ਆਪਣੇ ਬਰਛੇ ਨਾਲ ਕੁੱਤੇ ਦੇ ਮੂੰਹ ਉੱਤੇ ਕਈ ਵਾਰ ਕੀਤੇ। ਬਾਅਦ ਵਿੱਚ ਉਸਨੇ ਬਰਛਾ ਕੁੱਤੇ ਦੀ ਗਰਦਨ ਵਿਚ ਮਾਰਿਆ।

ਆਰ ਪਾਰ ਹੋ ਕੇ ਬਰਛਾ ਗਰਦਨ ਵਿਚ ਹੀ ਫਸ ਗਿਆ। ਨਿਹੰਗ ਸਿੰਘ ਨੇ ਬਰਛਾ ਬਾਹਰ ਕੱਢਣ ਲਈ ਕਈ ਵਾਰੀ ਘੁਮਾਇਆ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਵਿਚ ਰਿਕਾਰਡ ਹੋ ਗਈ। ਬਰਛਾ ਕੱਢਣ ਤੋਂ ਬਾਅਦ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਇਤਲਾਹ ਮਿਲਣ ਤੋਂ ਬਾਅਦ ਪੀਐੱਫਏ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਤਕਰੀਬਨ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਉਨ੍ਹਾਂ ਨੇ ਇਲਾਕੇ ਵਿੱਚੋਂ ਕੁੱਤਾ ਫੜ ਲਿਆ ਤੇ ਹਸਪਤਾਲ ਪਹੁੰਚਾਇਆ।

ਸੂਤਰਾਂ ਮੁਤਾਬਕ ਪੁਲਿਸ ਨੇ ਨਿਹੰਗ ਸਿੰਘ ਨੂੰ ਗਿ੍ਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਮੈਡੀਕਲ ਦੇ ਅਧਾਰ 'ਤੇ ਨਿਸ਼ਾਨ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।